ਦਿੱਲੀ ਦੇ ਸਫਦਰਜੰਗ ਹਸਪਤਾਲ ਦੀ MBBS ਵਿਦਿਆਰਥਣ ਨੇ ਹੋਸਟਲ ਦੇ ਕਮਰੇ ''ਚ ਕੀਤੀ ਖ਼ੁਦਕੁਸ਼ੀ

Thursday, Sep 01, 2022 - 11:56 AM (IST)

ਦਿੱਲੀ ਦੇ ਸਫਦਰਜੰਗ ਹਸਪਤਾਲ ਦੀ MBBS ਵਿਦਿਆਰਥਣ ਨੇ ਹੋਸਟਲ ਦੇ ਕਮਰੇ ''ਚ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ (ਭਾਸ਼ਾ)- ਸਫਦਰਜੰਗ ਹਸਪਤਾਲ ਦੀ ਅੰਤਿਮ ਸਾਲ ਦੀ ਇਕ ਵਿਦਿਆਰਥਣ ਨੇ ਹੋਸਟਲ ਦੇ ਇਕ ਕਮਰੇ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਪੁਲਸ ਚੌਕੀ ਨੂੰ ਵੀਰਵਾਰ ਤੜਕੇ 3.30 ਵਜੇ ਘਟਨਾ ਦੀ ਸੂਚਨਾ ਮਿਲੀ। ਦਿੱਲੀ ਦੀ ਰਹਿਣ ਵਾਲੀ ਵਿਦਿਆਰਥਣ ਐੱਮ.ਬੀ.ਬੀ.ਐੱਸ. ਗਰਲਜ਼ ਹੋਸਟਲ ਸਫਦਰਜੰਗ ਹਸਪਤਾਲ 'ਚ ਰਹਿੰਦੀ ਸੀ। 

ਪੁਲਸ ਡਿਪਟੀ ਕਮਿਸ਼ਨਰ (ਦੱਖਣ-ਪੱਛਮ) ਮਨੋਜ ਸੀ ਨੇ ਕਿਹਾ ਕਿ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਫਦਰਜੰਗ ਹਸਪਤਾਲ 'ਚ ਇੰਟਰਨਸ਼ਿਪ ਕਰ ਰਹੀ ਐੱਮ.ਬੀ.ਬੀ.ਐੱਸ. ਦੀ ਅੰਤਿਮ ਸਾਲ ਦੀ ਵਿਦਿਆਰਥਣ ਨੂੰ ਹੋਸਟਲ ਦੇ ਇਕ ਕਮਰੇ 'ਚ ਫਾਹੇ ਨਾਲ ਲਟਕੇ ਦੇਖਿਆ। ਘਟਨਾ ਦੇ ਸਮੇਂ ਕਮਰਾ ਅੰਦਰੋਂ ਬੰਦ ਸੀ। ਵਿਦਿਆਰਥਣ ਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਵਿਦਿਆਰਥਣ ਦੀ ਡਾਇਰੀ 'ਚ ਹੱਥ ਨਾਲ ਲਿਖਿਆ ਇਕ 'ਸੁਸਾਈਡ ਨੋਟ' ਮਿਲਿਆ ਹੈ। ਕਮਰੇ 'ਚ ਅੰਦਰ ਐਂਟੀਡਿਪ੍ਰੇਸੈਂਟ ਦਵਾਈ ਦੇ 2 ਖਾਲੀ ਪੈਕੇਟ ਵੀ ਮਿਲੇ। ਉਨ੍ਹਾਂ ਕਿਹਾ ਕਿ ਵਿਦਿਆਰਥਣ ਦੇ ਦੋਸਤਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸਾਜਿਸ਼ ਦਾ ਕੋਈ ਖ਼ਦਸ਼ਾ ਨਹੀਂ ਹੈ। ਵਿਦਿਆਰਥਣ ਦੇ ਪਰਿਵਾਰ ਵਾਲੇ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਸ ਨੇ ਦੱਸਿਆ ਕਿ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News