ਮਾਇਆਵਤੀ ਦਾ ਐਲਾਨ, 2022 ’ਚ ਇਕੱਲਿਆਂ ਲੜਾਂਗੇ UP ਵਿਧਾਨ ਸਭਾ ਚੋਣਾਂ
Wednesday, Nov 10, 2021 - 12:10 PM (IST)
ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਅਸੀਂ 2022 ’ਚ ਯੂ.ਪੀ ਵਿਧਾਨ ਸਭਾ ਦੀਆਂ ਚੋਣਾਂ ਇਕੱਲਿਆਂ ਲੜਾਂਗੇ। ਅਸੀਂ ਆਪਣੇ ਦਮ 'ਤੇ ਚੋਣ ਲੜਾਂਗੇ, ਕਿਸੇ ਵੀ ਪਾਰਟੀ ਨਾਲ ਕੋਈ ਚੋਣ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗਲਵਾਰ ਇਕ ਬਿਆਨ ’ਚ ਕਿਹਾ ਕਿ ਅਸੀਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਇਕੱਠੇ ਲਿਆਉਣ ਲਈ ਸਮਝੌਤਾ ਕਰ ਰਹੇ ਹਾਂ। ਇਹ ਗਠਜੋੜ ਸਥਾਈ ਹੈ। ਚੋਣਾਂ ਦੇ ਨੇੜੇ ਹੋਣ ਕਾਰਨ ਭਾਜਪਾ ਅੱਜ-ਕੱਲ ਵੱਡੀ ਪੱਧਰ ’ਤੇ ਸਰਕਾਰੀ ਯੋਜਨਾਵਾਂ ਦਾ ਐਲਾਨ ਕਰ ਰਹੀ ਹੈ, ਨਾਲ ਹੀ ਵੱਖ-ਵੱਖ ਥਾਵਾਂ ’ਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ। ਲੋਕਾਂ ਨੂੰ ਇਨ੍ਹਾਂ ਦੇ ਝਾਂਸੇ ’ਚ ਨਹੀਂ ਆਉਣਾ ਚਾਹੀਦਾ। ਸੱਚ ਤਾਂ ਇਹ ਹੈ ਕਿ ਸੂਬੇ ਦੀ ਭਾਜਪਾ ਸਰਕਾਰ ਦੇ ਪ੍ਰਾਜੈਕਟਾਂ ਦਾ ਐਲਾਨ ਅਤੇ ਪਿਛਲੇ 1-2 ਮਹੀਨਿਆਂ 'ਚ ਅਧੂਰੇ ਕੰਮਾਂ ਦਾ ਉਦਘਾਟਨ ਚੋਣਾਂ ਤੱਕ ਜਾਰੀ ਰਹੇਗਾ।
ਮਾਇਆਵਤੀ ਨੇ ਕਾਂਗਰਸ ਅਤੇ ਸਪਾ ’ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਵੀ ਭਾਜਪਾ ਦੇ ਰਾਹ ’ਤੇ ਚੱਲ ਰਹੀ ਹੈ। ਕਾਂਗਰਸ ਵੱਲੋਂ ਲਗਾਤਾਰ ਲੋਕ ਲੁਭਾਉਣੇ ਐਲਾਨ ਕੀਤੇ ਜਾ ਰਹੇ ਹਨ। ਜੇ ਕਾਂਗਰਸ ਨੇ ਸੱਤਾ ’ਚ ਹੁੰਦਿਆਂ 50 ਫੀਸਦੀ ਵਾਅਦੇ ਵੀ ਪੂਰੇ ਕੀਤੇ ਹੁੰਦੇ ਤਾਂ ਅੱਜ ਉਹ ਕੇਂਦਰ ਦੀ ਸੱਤਾ ਤੋਂ ਬਾਹਰ ਨਾ ਹੁੰਦੀ। ਮਾਇਆਵਤੀ ਨੇ ਕਿਹਾ ਕਿ ਲੋਕ ਸਮਾਜਵਾਦੀ ਪਾਰਟੀ ਦੇ ਚੋਣ ਵਾਅਦਿਆਂ ’ਤੇ ਵੀ ਯਕੀਨ ਨਹੀਂ ਕਰਨਗੇ ਅਤੇ ਵੋਟਾਂ ਬਹੁਜਨ ਸਮਾਜ ਪਾਰਟੀ ਨੂੰ ਪਾਉਣਗੇ।