ਮਾਇਆਵਤੀ, ਮਮਤਾ ਤੇ ਚੰਦਰਬਾਬੂ ਪੀ. ਐੱਮ. ਦੇ ਮੁੱਖ ਦਾਅਵੇਦਾਰ : ਪਵਾਰ

Sunday, Apr 28, 2019 - 11:49 PM (IST)

ਨਵੀਂ ਦਿੱਲੀ, (ਇੰਟ.)- ਐੱਨ. ਸੀ. ਪੀ. ਦੇ ਮੁਖੀ ਸ਼ਰਦ ਪਵਾਰ ਨੇ ਚੱਲ ਰਹੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਐਤਵਾਰ ਇਕ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜੇ ਚੋਣਾਂ ਪਿੱਛੋਂ ਰਾਜਗ ਨੂੰ ਬਹੁਮਤ ਨਹੀਂ ਮਿਲਦਾ ਤਾਂ ਮਮਤਾ ਬੈਨਰਜੀ, ਮਾਇਆਵਤੀ ਅਤੇ ਚੰਦਰਬਾਬੂ ਨਾਇਡੂ ਵਿਚੋਂ ਕੋਈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਪਵਾਰ ਨੇ ਕਿਹਾ ਕਿ ਨਰਿੰਦਰ ਮੋਦੀ ਵਾਂਗ ਉਕਤ ਤਿੰਨੋਂ ਆਗੂ ਵੀ ਮੁੱਖ ਮੰਤਰੀ ਹਨ ਜਾਂ ਰਹਿ ਚੁੱਕੇ ਹਨ ਇਸ ਲਈ ਉਹ ਤਿੰਨੋਂ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਹਨ। ਇਕ ਟੀ. ਵੀ. ਚੈਨਲ ਨਾਲ ਚਰਚਾ ਦੌਰਾਨ ਪਵਾਰ ਨੇ ਪੂਰੇ ਮਾਮਲੇ ਵਿਚ ਰਾਹੁਲ ਗਾਂਧੀ ਦਾ ਕੋਈ ਜ਼ਿਕਰ ਨਹੀਂ ਕੀਤਾ। ਪਵਾਰ ਕੋਲੋਂ ਇਹ ਪੁੱਛਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੀ ਪਸੰਦ ਦੇ ਪਹਿਲੇ 3 ਆਗੂ ਕਿਹੜੇ ਹਨ ਤਾਂ ਉਨ੍ਹਾਂ ਮਮਤਾ, ਮਾਇਆਵਤੀ ਤੇ ਚੰਦਰਬਾਬੂ ਨਾਇਡੂ ਦਾ ਨਾਂ ਲਿਆ। ਉਨ੍ਹਾਂ ਰਾਹੁਲ ਦਾ ਕੋਈ ਜ਼ਿਕਰ ਨਹੀਂ ਕੀਤਾ। ਇਸ ਸੰਬੰਧੀ ਉਨ੍ਹਾਂ ਦਲੀਲ ਇਹ ਦਿੱਤੀ ਕਿ ਕਾਂਗਰਸ ਪ੍ਰਧਾਨ ਖੁਦ ਨੂੰ ਪੀ. ਐੱਮ. ਦੇ ਅਹੁਦੇ ਦੀ ਦੌੜ ਤੋਂ ਵੱਖ ਕਰ ਚੁੱਕੇ ਹਨ। ਕੁਝ ਮੀਡੀਆ ਰਿਪੋਰਟਾਂ ਵਿਚ ਪਵਾਰ ਦੇ ਬਿਆਨ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਉਨ੍ਹਾਂ ਮੁਤਾਬਕ ਉਕਤ 3 ਆਗੂ ਰਾਹੁਲ ਤੋਂ ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ। ਪਵਾਰ ਨੇ ਇਸ ਦਾ ਖੰਡਨ ਕੀਤਾ। ਇਹ ਸੱਚਾਈ ਹੈ ਕਿ ਰਾਹੁਲ ਕਈ ਵਾਰ ਕਹਿ ਚੁੱਕੇ ਹਨ ਕਿ ਅਜੇ ਉਨ੍ਹਾਂ ਦਾ ਨਿਸ਼ਾਨਾ ਪ੍ਰਧਾਨ ਮੰਤਰੀ ਦਾ ਅਹੁਦਾ ਨਹੀਂ ਪਰ ਕਾਂਗਰਸ ਦਾ ਕਹਿਣਾ ਹੈ ਕਿ ਇਸ ਬਾਰੇ ਫੈਸਲਾ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਲਿਆ ਜਾਵੇਗਾ। ਪਾਰਟੀ ਨੂੰ ਲੱਗਦਾ ਹੈ ਕਿ ਜੇ ਉਸ ਦਾ ਪ੍ਰਦਰਸ਼ਨ ਖੇਤਰੀ ਪਾਰਟੀਆਂ ਨਾਲੋਂ ਚੰਗਾ ਰਿਹਾ ਤਾਂ ਰਾਹੁਲ ਦਾਅਵੇਦਾਰ ਹੋ ਸਕਦੇ ਹਨ।

 


Bharat Thapa

Content Editor

Related News