ਦੇਸ਼ ’ਚ ਪਿਛਲੇ 224 ਦਿਨਾਂ ’ਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਆਏ ਸਾਹਮਣੇ, ਓਮੀਕ੍ਰੋਨ ਦੇ ਕੇਸ ਵੀ ਵਧੇ
Sunday, Jan 09, 2022 - 10:48 AM (IST)
ਨਵੀਂ ਦਿੱਲੀ (ਭਾਸ਼ਾ)- ਦੇਸ਼ ’ਚ ਓਮੀਕ੍ਰੋਨ ਵੇਰੀਐਂਟ ਦੇ 552 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ 27 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਹੁਣ ਤੱਕ ਪੀੜਤ ਹੋਏ ਲੋਕਾਂ ਦੀ ਗਿਣਤੀ ਵੱਧ ਕੇ 3,623 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ। ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ,‘‘ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਸੰਕਰਮਣ ਦੇ 1,59,632 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ 224 ਦਿਨਾਂ ’ਚ ਸਾਹਮਣੇ ਆਏ ਸਭ ਤੋਂ ਵੱਧ ਰੋਜ਼ ਦੇ ਮਮਲੇ ਹਨ।’’ ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 5,90,611 ਹੋ ਗਈ ਹੈ, ਜੋ ਕਰੀਬ 197 ਦਿਨਾਂ ’ਚ ਸਭ ਤੋਂ ਵੱਧ ਹੈ।
ਦੇਸ਼ ’ਚ ਪਿਛਲੇ 24 ਘੰਟਿਆਂ ’ਚ 327 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 4,83,790 ਹੋ ਗਈ ਹੈ। ਓਮੀਕ੍ਰੋਨ ਦੇ 3,623 ਮਾਮਲਿਆਂ ’ਚੋਂ 1,409 ਲੋਕ ਜਾਂ ਤਾਂ ਦੇਸ਼ ਤੋਂ ਬਾਹਰ ਚਲੇ ਗਏ ਹਨ ਜਾਂ ਸਿਹਤਮੰਦ ਹੋ ਗਏ ਹਨ। ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 5,90,611 ਹੋ ਗਈ ਹੈ, ਜੋ ਸੰਕਰਮਣ ਦੇ ਕੁੱਲ ਮਾਮਲਿਆਂ ਦਾ 1.66 ਫੀਸਦੀ ਹੈ। ਕੋਰੋਨਾ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ ਡਿੱਗ ਕੇ 96.98 ਫੀਸਦੀ ਹੋ ਗਈਹੈ। ਪਿਛਲੇ 24 ਘੰਟਿਆਂ ’ਚ ਸੰਕਰਮਣ ਦਾ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ ’ਚ 1,18,442 ਮਾਮਲਿਆਂ ਦਾ ਵਾਧਾ ਹੋਇਆ ਹੈ। ਉੱਥੇ ਹੀ ਦੇਸ਼ ’ਚ ਹੁਣ ਤੱਕ 151.58 ਕਰੋੜ ਤੋਂ ਵੱਧ ਟੀਕੇ ਲਾਏ ਗਏ।