ਗਣਿਤ ਟੀਚਰ ਦਾ ਕਤਲ, ਪੈਸਿਆਂ ਦੇ ਲੈਣ-ਦੇਣ ਦੇ ਚੱਲਦੇ ਦਿੱਤੀ ਦਰਦਨਾਕ ਮੌਤ
Wednesday, Apr 09, 2025 - 05:50 PM (IST)

ਗੋਹਾਨਾ- ਹਰਿਆਣਾ 'ਚ ਕ੍ਰਾਈਮ ਦਾ ਗਰਾਫ਼ ਵੱਧਦਾ ਜਾ ਰਿਹਾ ਹੈ। ਆਏ ਦਿਨ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਹਿਲਾਂ ਹਰਿਆਣਾ ਵਿਚ ਯੋਗਾ ਅਧਿਆਪਕ ਦਾ ਕਤਲ ਕੀਤਾ ਗਿਆ ਸੀ। ਹੁਣ ਗੋਹਾਨਾ ਦੇ ਪਿੰਡ ਕਸਾਂਡੀ ਵਿਚ ਪ੍ਰਾਈਵੇਟ ਸਕੂਲ ਦੇ ਅਧਿਆਪਕ ਸੰਦੀਪ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸੰਦੀਪ ਦੀ ਬਦਮਾਸ਼ਾਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਤੋਂ ਬਾਅਦ ਸੰਦੀਪ ਨੇ ਇਲਾਜ ਦੌਰਾਨ ਖਾਨਪੁਰ ਪੀ. ਜੀ. ਆਈ. ਵਿਚ ਦਮ ਤੋੜ ਦਿੱਤਾ। ਫਿਲਹਾਲ ਪੁਲਸ ਜਾਂਚ ਵਿਚ ਜੁੱਟੀ ਹੋਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੰਦੀਪ ਪ੍ਰਾਈਵੇਡ ਸਕੂਲ ਵਿਚ ਗਣਿਤ ਦਾ ਅਧਿਆਪਕ ਸੀ। ਕੱਲ ਸ਼ਾਮ ਨੂੰ ਪਿੰਡ ਕੋਲ ਜਿਮ ਵਿਚ ਗਿਆ ਹੋਇਆ ਸੀ। ਵਾਪਸ ਪਰਤਦੇ ਸਮੇਂ ਉਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ, ਜਿਸ ਵਿਚ ਕਈ ਨੌਜਵਾਨਾਂ ਦੇ ਨਾਂ ਸਾਹਮਣੇ ਆਏ ਹਨ। ਇਸ ਮਾਮਲੇ ਵਿਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹੁਣ ਤੱਕ ਦੀ ਜਾਂਚ ਵਿਚ ਪੈਸਿਆਂ ਦੇ ਲੈਣ-ਦੇਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦੇ ਚੱਲਦੇ ਕਤਲ ਕੀਤਾ ਗਿਆ ਹੈ।
ਕਿਉਂ ਕੀਤਾ ਗਿਆ ਸੰਦੀਪ ਦਾ ਕਤਲ?
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸੰਦੀਪ ਨੇ ਪਿੰਡ ਦੇ ਰਹਿਣ ਵਾਲੇ ਇਕ ਨੌਜਵਾਨ ਮੋਨੂੰ ਉਰਫ਼ ਧੋਲਾ ਨੂੰ ਕੁਝ ਦਿਨ ਪਹਿਲਾਂ ਆਪਣੇ ਕ੍ਰੈਡਿਟ ਕਾਰਡ ਤੋਂ 35 ਹਜ਼ਾਰ ਰਪੁਏ ਦਿੱਤੇ ਸਨ। ਨੌਜਵਾਨ ਨੇ ਸੰਦੀਪ ਨੂੰ 30 ਹਜ਼ਾਰ ਰੁਪਏ ਤਾਂ ਵਾਪਸ ਕਰ ਦਿੱਤੇ ਪਰ 5 ਹਜ਼ਾਰ ਨੂੰ ਲੈ ਕੇ ਸੰਦੀਪ ਉਸ ਨੂੰ ਵਾਰ-ਵਾਰ ਦੇਣ ਲਈ ਕਹਿ ਰਿਹਾ ਸੀ ਪਰ ਉਹ ਵਾਪਸ ਨਹੀਂ ਦੇ ਰਿਹਾ ਸੀ। ਇਸੇ ਰੰਜਿਸ਼ ਕਾਰਨ ਪਿੰਡ ਦੇ ਹੀ ਰਹਿਣ ਵਾਲੇ ਨੌਜਵਾਨ ਨੇ 7-8 ਨੌਜਵਾਨਾਂ ਨਾਲ ਮਿਲ ਕੇ ਉਸ ਨੂੰ ਲਾਠ-ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।