ਰੋਹਿਣੀ ਕੋਰਟ ਗੋਲੀਕਾਂਡ ਦਾ ਮਾਸਟਰਮਾਇੰਡ ਗ੍ਰਿਫਤਾਰ

Wednesday, Jan 12, 2022 - 07:23 PM (IST)

ਰੋਹਿਣੀ ਕੋਰਟ ਗੋਲੀਕਾਂਡ ਦਾ ਮਾਸਟਰਮਾਇੰਡ ਗ੍ਰਿਫਤਾਰ

ਨਵੀਂ ਦਿੱਲੀ– ਉੱਤਰੀ-ਦਿੱਲੀ ਦੇ ਨਰੇਲਾ ਉਦਯੋਗਿਤ ਖੇਤਰ ’ਚ ਇਕ ਮੁਕਾਬਲੇਬਾਜ਼ੀ ਤੋਂ ਬਾਅਦ ਰੋਹਿਣੀ ਕੋਰਟ ’ਚ ਹੋਈ ਗੋਲੀਬਾਰੀ ਦੇ ਮਾਸਟਰਮਾਇੰਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰੋਹਿਣੀ ਕੋਰਟ ’ਚ ਦਿਨ-ਦਿਹਾੜੇ ਹੋਈ ਗੋਲੀਬਾਰੀ ’ਚ ਗੈਂਗਸਟਰ ਜਤਿੰਦਰ ਗੋਗੀ ਮਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਟਿੱਲੂ ਗਿਰੋਹ ਦੇ ਸਹਿਯੋਗੀ ਅਲੀਪੁਰ ਨਿਵਾਸੀ ਰਕੇਸ਼ ਤਾਜਪੁਰੀਆ (31) ਦੇ ਰੂਪ ’ਚ ਹੋਈ ਹੈ। ਪੁਲਸ ਮੁਤਾਬਕ, ਰਕੇਸ਼, ਟਿੱਲੂ ਗੈਂਗ ਦੇ ਸਭ ਤੋਂ ਸਰਗਰਮ ਮੈਂਬਰਾਂ ਅਤੇ ਨਿਸ਼ਾਨੇਬਾਜ਼ਾਂ ’ਚੋਂ ਇਕ ਹੈ। ਉਸ ’ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ।

ਪੁਲਸ ਨੇ ਦੱਸਿਆ ਕਿ ਮੌਕੇ ਤੋਂ ਇਕ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ ਅਤੇ ਤਿੰਨ ਖਾਲ੍ਹੀ ਖੋਖੇ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸੁਨੀਲ ਟਿੱਲੂ ਦੇ ਨਿਰਦੇਸ਼ ’ਤੇ ਜ਼ੇਲ੍ਹ ਤੋਂ ਆਪਣੀ ਗੈਂਗ ਦੇ ਵਿਰੋਧੀ ਜਤਿੰਦਰ ਊਰਫ ਗੋਗੀ ਦੇ ਕਤਲ ਦਾ ਰਕੇਸ਼ ਹੀ ਮਾਸਟਰਮਾਇੰਡ ਸੀ। ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਉਸਨੂੰ ਸੂਚਨਾ ਮਿਲੀ ਸੀ ਕਿ ਰਕੇਸ਼ ਆਪਣੇ ਸਹਿਯੋਗੀ ਨੂੰ ਮਿਲਣ ਰਾਤ 10 ਵਜੇ ਨਰੇਲਾ ਓਦਯੋਗਿਤ ਖੇਤਰ ਦੇ ਜਿੰਗ ਕੈਮੀਕਲ ਫੈਕਟਰੀ ਰੋਡ ਨੇੜੇ ਆਏਗਾ। ਪੁਲਸ ਡਿਪਟੀ ਕਮਿਸ਼ਨਰ ਜਸਮੀਤ ਸਿੰਘ ਨੇ ਕਿਹਾ, ‘ਪੁਲਸ ਵਲੋਂ ਜਾਲ ਵਿਛਾਇਆ ਗਿਆ ਅਤੇ ਰਕੇਸ਼ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਮੋਟਰਸਾਈਕਲ ’ਤੇ ਵੇਖਿਆ ਗਿਆ। ਉਸ ਨੂੰ ਆਤਮਸਮਰਪਣ ਕਰਨ ਲਈ ਕਿਹਾ ਗਿਆ ਪਰ ਦੋਸ਼ੀ ਨੇ ਆਪਣਾ ਮੋਟਰਸਾਈਕਲ ਛੱਡ ਦਿੱਤਾ ਅਤੇ ਪੁਲਸ ’ਤੇ ਦੋ ਗੋਲੀਆਂ ਚਲਾਈਆਂ। ਪੁਲਸ ਨੇ ਵੀ ਜਵਾਬ ’ਚ ਇਕ ਗੋਲੀ ਚਲਾਈ ਅਤੇ ਰਕੇਸ਼ ਨੂੰ ਕਾਬੂ ਕਰ ਲਿਆ।’


author

Rakesh

Content Editor

Related News