ਨਰੇਲਾ ''ਚ ਗੈਸ ਸਿਲੰਡਰ ''ਚ ਹੋਇਆ ਜ਼ਬਰਦਸਤ ਧਮਾਕਾ, 6 ਲੋਕ ਬੁਰੀ ਤਰ੍ਹਾਂ ਝੁਲਸੇ
Friday, Dec 06, 2024 - 11:10 PM (IST)
ਨਵੀਂ ਦਿੱਲੀ : ਬਾਹਰੀ ਦਿੱਲੀ ਦੇ ਨਰੇਲਾ ਇਲਾਕੇ ਵਿਚ ਸ਼ੁੱਕਰਵਾਰ ਨੂੰ ਇਕ ਗੈਸ ਸਿਲੰਡਰ ਦੇ ਫਟਣ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿਚ 6 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ। ਜ਼ਖਮੀਆਂ ਵਿਚ ਤਿੰਨ ਔਰਤਾਂ ਅਤੇ ਇਕ ਨਾਬਾਲਗ ਵੀ ਸ਼ਾਮਲ ਹੈ। ਧਮਾਕੇ ਕਾਰਨ ਇਕ ਕਮਰੇ ਦੀ ਕੰਧ ਡਿੱਗ ਗਈ ਅਤੇ ਕਈ ਹੋਰ ਹਿੱਸੇ ਨੁਕਸਾਨੇ ਗਏ। ਘਟਨਾ ਦਾ ਕਾਰਨ ਸਿਲੰਡਰ ਵਿਚੋਂ ਗੈਸ ਲੀਕ ਹੋਣਾ ਦੱਸਿਆ ਜਾ ਰਿਹਾ ਹੈ।
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਦਿੱਲੀ ਪੁਲਸ ਨੇ ਦੱਸਿਆ ਕਿ ਸ਼ਾਮ 5 ਵਜੇ ਸਿਲੰਡਰ ਧਮਾਕੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ। ਇਹ ਘਟਨਾ ਲਕਸ਼ਮੀ ਨਾਰਾਇਣ ਮੰਦਰ ਨੇੜੇ ਇਕ ਰਿਹਾਇਸ਼ੀ ਕੰਪਲੈਕਸ ਵਿਚ ਵਾਪਰੀ, ਜਿੱਥੇ ਪਰਿਵਾਰ ਕਿਰਾਏ 'ਤੇ ਵੱਖਰੇ ਕਮਰਿਆਂ ਵਿਚ ਰਹਿੰਦੇ ਹਨ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਦੀ ਤੀਬਰਤਾ ਇੰਨੀ ਸੀ ਕਿ ਕਮਰੇ ਦੀ ਕੰਧ ਢਹਿ ਗਈ। ਮੌਕੇ 'ਤੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਜ਼ਖਮੀਆਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਮੈਡੀਕਲ ਸਿੰਡੀਕੇਟ ਦਾ ਪਰਦਾਫਾਸ਼, ਪੈਸੇ ਲੈ ਕੇ 8ਵੀਂ ਪਾਸ ਨੂੰ ਵੀ ਬਣਾ'ਤਾ 'ਡਾਕਟਰ'
ਜ਼ਖਮੀਆਂ ਦੀ ਪਛਾਣ ਵਿਜੇ (28), ਬੌਬੀ (24), ਪੂਜਾ (36), ਨੀਲਮ (26), ਰੇਨਾ ਦੇਵੀ (34) ਅਤੇ ਰਿਤੇਸ਼ (16) ਵਜੋਂ ਹੋਈ ਹੈ, ਜਿਨ੍ਹਾਂ ਨੂੰ ਤੁਰੰਤ ਰਾਜਾ ਹਰਿਸ਼ਚੰਦਰ ਹਸਪਤਾਲ ਦਾਖਲ ਕਰਵਾਇਆ ਗਿਆ। ਬਾਅਦ ਵਿਚ ਗੰਭੀਰ ਰੂਪ ਵਿਚ ਜ਼ਖਮੀ ਵਿਜੇ, ਬੌਬੀ, ਨੀਲਮ ਅਤੇ ਪੂਜਾ ਨੂੰ ਬਿਹਤਰ ਇਲਾਜ ਲਈ ਲੋਕ ਨਾਇਕ ਜੈਪ੍ਰਕਾਸ਼ (ਐੱਲਐੱਨਜੇਪੀ) ਹਸਪਤਾਲ ਭੇਜਿਆ ਗਿਆ। ਡਾਕਟਰਾਂ ਮੁਤਾਬਕ ਫਿਲਹਾਲ ਸਾਰਿਆਂ ਦੀ ਹਾਲਤ ਸਥਿਰ ਹੈ।
ਘਟਨਾ ਬਾਰੇ ਦਿੱਲੀ ਪੁਲਸ ਨੇ ਕਿਹਾ ਕਿ ਫੋਰੈਂਸਿਕ ਸਾਇੰਸ ਲੈਬ (ਐੱਫਐੱਸਐੱਲ) ਅਤੇ ਅਪਰਾਧ ਟੀਮ ਨੂੰ ਘਟਨਾ ਵਾਲੀ ਥਾਂ 'ਤੇ ਬੁਲਾਇਆ ਗਿਆ ਹੈ ਤਾਂ ਜੋ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਮੁੱਢਲੀ ਜਾਂਚ ਵਿਚ ਸਿਲੰਡਰ ਵਿੱਚੋਂ ਗੈਸ ਲੀਕ ਹੋਣ ਕਾਰਨ ਧਮਾਕਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਸ ਨੇ ਇਸ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਘਟਨਾ ਨੂੰ ਲੈ ਕੇ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8