ਦੇਸ਼ ''ਚ 1,00,000 ਚਾਰਜਿੰਗ ਸਟੇਸ਼ਨ ਲਗਾਏਗੀ Maruti Suzuki ! ਕਈ EV ਕਰੇਗੀ ਲਾਂਚ
Wednesday, Dec 03, 2025 - 10:52 AM (IST)
ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਵੱਖ-ਵੱਖ ਆਕਾਰ 'ਚ ਕਈ ਇਲੈਕਟ੍ਰਿਕ ਮਾਡਲ ਪੇਸ਼ ਕਰੇਗੀ ਅਤੇ ਇਸ ਸੈਗਮੈਂਟ 'ਚ ਲੀਡਰਸ਼ਿਪ ਹਾਸਲ ਕਰਨ ਲਈ ਪੂਰੇ ਦੇਸ਼ 'ਚ ਚਾਰਜਿੰਗ ਬੁਨਿਆਦੀ ਢਾਂਚਾ ਤਿਆਰ ਕਰੇਗੀ। ਕੰਪਨੀ ਅਗਲੇ ਸਾਲ ਆਪਣਾ ਪਹਿਲਾ ਇਲੈਕਟ੍ਰਿਕ ਵਾਹਨ ਈ-ਵਿਟਾਰਾ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਡੀਲਰ ਸਾਂਝੇਦਾਰਾਂ ਅਤੇ ਚਾਰਜਿੰਗ ਪੁਆਇੰਟ ਆਪਰੇਟਰਾਂ ਨਾਲ ਮਿਲ ਕੇ 2030 ਤੱਕ ਕਰੀਬ ਇਕ ਲੱਖ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਹਿਸ਼ਾਸ਼ੀ ਤਾਕੇਉਚੀ ਨੇ ਇੱਥੇ ਇਕ ਪ੍ਰੋਗਰਾਮ 'ਚ ਕਿਹਾ,''ਸਾਡੀ ਮੂਲ ਕੰਪਨੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਆਉਣ ਵਾਲੇ ਸਾਲਾਂ 'ਚ ਅਸੀਂ ਵੱਖ-ਵੱਖ ਆਕਾਰ ਅਤੇ ਸੈਗਮੈਂਟ 'ਚ ਕਈ ਹੋਰ ਇਲੈਕਟ੍ਰਿਕ ਵਾਹਨ ਪੇਸ਼ ਕਰਾਂਗੇ।''
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਉਨ੍ਹਾਂ ਕਿਹਾ ਕਿ ਇਸੇ ਦ੍ਰਿਸ਼ਟੀਕੋਣ ਦੇ ਅਧੀਨ 2030 ਤੱਕ ਡੀਲਰਾਂ ਅਤੇ ਚਾਰਜਰ ਪੁਆਇੰਟ ਆਪਰੇਟਰਾਂ ਨਾਲ ਮਿਲ ਕੇ ਇਕ ਲੱਖ ਤੋਂ ਵੱਧ ਚਾਰਜਿੰਗ ਸਟੇਸ਼ਨ ਦਾ ਨੈੱਟਵਰਕ ਸਥਾਪਤ ਕਰਨ ਦਾ ਟੀਚਾ ਹੈ। ਤਾਕੇਉਚੀ ਨੇ ਕਿਹਾ,''ਅਸੀਂ ਦੇਸ਼ 'ਚ ਇਲੈਕਟ੍ਰਿਕ ਆਵਾਜਾਈ 'ਚ ਮੋਹਰੀ ਬਣਾਂਗੇ ਅਤੇ ਬਾਜ਼ਾਰ ਲੀਡ ਵਜੋਂ ਅਸੀਂ ਈਵੀ ਅਪਣਾਉਣ ਨੂੰ ਗਾਹਕਾਂ ਲਈ ਆਸਾਨ ਬਣਾਉਣ ਦਾ ਕੰਮ ਕਰਾਂਗੇ।'' ਕੰਪਨੀ ਚਾਰਜਿੰਗ ਨੈੱਟਵਰਕ ਦੀ ਸਥਾਪਨਾ ਨਾਲ 2026 'ਚ ਈ-ਵਿਟਾਰਾ ਦੀ ਵਿਕਰੀ ਸ਼ੁਰੂ ਕਰੇਗੀ। ਉਨ੍ਹਾਂ ਦੱਸਿਆ ਕਿ ਇਲੈਕਟ੍ਰਿਕ ਆਵਾਜਾਈ 'ਚ ਕਦਮ ਰੱਖਦੇ ਸਮੇਂ ਕੰਪਨੀ ਉਤਪਾਦ ਅਤੇ ਵਾਤਾਵਰਣ, ਦੋਵੇਂ ਲਿਹਾਜ ਨਾਲ ਪੂਰੀ ਤਿਆਰੀ ਨਾਲ ਉਤਰੇਗੀ। ਤਾਕੇਉਚੀ ਨੇ ਕਿਹਾ ਕਿ ਕੰਪਨੀ ਨੇ 1,100 ਤੋਂ ਵੱਧ ਸ਼ਹਿਰਾਂ 'ਚ ਆਪਣੇ ਵਿਕਰੀ ਅਤੇ ਸਰਵਿਸ ਕੇਂਦਰਾਂ 'ਤੇ 2 ਹਜ਼ਾਰ ਤੋਂ ਵੱਧ ਮਾਰੂਤੀ ਸੁਜ਼ੂਕੀ ਐਕਸਕਲੂਸਿਵ ਚਾਰਜਿੰਗ ਸਟੇਸ਼ਨ ਦਾ ਨੈੱਟਵਰਕ ਤਿਆਰ ਕਰ ਲਿਆ ਹੈ। ਉਨ੍ਹਾਂ ਕਿਹਾ,''ਡੀਲਰ ਨੈੱਟਵਰਕ 'ਚ ਚਾਰਜਿੰਗ ਬੁਨਿਆਦੀ ਢਾਂਚਾ ਅਤੇ ਐਪ ਤਿਆਰ ਕਰਨ ਲਈ ਅਸੀਂ ਕਰੀਬ 250 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।''
