ਗਲਵਾਨ ਦੇ ਸ਼ਹੀਦਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਰਾਜਨਾਥ

Friday, Jun 17, 2022 - 01:13 PM (IST)

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 2 ਸਾਲ ਪਹਿਲਾਂ ਪੂਰਬੀ ਲੱਦਾਖ ’ਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ’ਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬਲਿਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਦੋ ਦਿਨ ਦੀ ਜੰਮੂ-ਕਸ਼ਮੀਰ ਯਾਤਰਾ ’ਤੇ ਆਏ ਰੱਖਿਆ ਮੰਤਰੀ ਨੇ ਵੀਰਵਾਰ ਨੂੰ ਇਕ ਟਵੀਟ ’ਚ ਕਿਹਾ,‘ਗਲਵਾਨ ਦੇ ਨਾਇਕਾਂ ਨੂੰ ਯਾਦ ਕਰ ਰਿਹਾ ਹਾਂ, ਜਿਨ੍ਹਾਂ ਨੇ ਦੇਸ਼ ਦੇ ਸਨਮਾਨ ਦੀ ਰੱਖਿਆ ਲਈ ਬਹਾਦੁਰੀ ਨਾਲ ਲੜਦੇ ਹੋਏ 15 ਅਤੇ 16 ਜੂਨ 2020 ਨੂੰ ਸਰਵਉੱਚ ਬਲਿਦਾਨ ਦਿੱਤਾ। ਉਨ੍ਹਾਂ ਦੀ ਹਿੰਮਤ, ਬਹਾਦੁਰੀ ਅਤੇ ਬਲਿਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਮੈਂ ਉਨ੍ਹਾਂ ਸਾਰੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।

ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ 15 ਅਤੇ 16 ਜੂਨ ਦੀ ਰਾਤ ਗਲਵਾਨ ਘਾਟੀ ’ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਭਿਆਨਕ ਹਿੰਸਕ ਝੜਪ ਹੋਈ ਸੀ। ਇਸ ਝੜਪ ’ਚ ਭਾਰਤੀ ਫੌਜ ਦੇ ਇਕ ਕਰਨਲ ਸਮੇਤ 20 ਫੌਜੀ ਸ਼ਹੀਦ ਹੋ ਗਏ ਸਨ। ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ 2 ਦਿਨ ਦੇ ਦੌਰੇ ’ਤੇ ਪੁੱਜੇ ਰੱਖਿਆ ਮੰਤਰੀ ਨੇ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਸਰਹੱਦ ’ਤੇ ਸਥਿਤੀ ਦੀ ਸਮੀਖਿਆ ਕੀਤੀ। ਬਾਅਦ ਵਿਚ ਬਾਰਾਮੂਲਾ ਵਿਚ ਫੌਜੀ ਅਧਿਕਾਰੀਆਂ ਅਤੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸਿੰਘ ਨੇ ਕਿਹਾ ਕਿ ਪਾਕਿਸਤਾਨ ਭਾਰਤ ਵਿਚ ਖੂਨ-ਖਰਾਬਾ ਕਰਨ ਦੀ ਨਾਪਾਕ ਨੀਅਤ ਨਾਲ ਦੇਸ਼ ਵਿਚ ਲਗਾਤਾਰ ਗੜਬੜੀ ਫੈਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਪਰ ਭਾਰਤੀ ਸੁਰੱਖਿਆ ਫੋਰਸ ਇਕ ਅਜਿਹੀ ਢਾਲ ਹੈ, ਜੋ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਹੀ ਲਹੂ-ਲੁਹਾਨ ਕਰ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਨੂੰ ਸੁਰੱਖਿਆ ਫੋਰਸਾਂ ’ਤੇ ਪੂਰਾ ਭਰੋਸਾ ਹੈ ਕਿ ਉਹ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਪ੍ਰਿਯ ਦੇਸ਼ ਹੈ ਅਤੇ ਉਸ ਨੇ ਕਦੇ ਕਿਸੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਜਾਂ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਪਰ ਉਹ ਦੇਸ਼ ਨੂੰ ਆਸਵੰਦ ਕਰਦੇ ਹਨ ਕਿ ਜੇਕਰ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਉਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨਾਲ ਫੌਜ ਮੁਖੀ ਜਨਰਲ ਮਨੋਜ ਪਾਂਡੇ, ਉੱਤਰੀ ਕਮਾਨ ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, 15ਵੀਂ ਕੋਰ ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਏ. ਐੱਸ. ਆਹੂਜਾ ਅਤੇ ਹੋਰ ਸੀਨੀਅਰ ਫੌਜ ਅਧਿਕਾਰੀ ਵੀ ਸਨ।


DIsha

Content Editor

Related News