ਦੇਸ਼ ਲਈ ਹਜ਼ਾਰਾਂ ਕਿਲੋਮੀਟਰ ਤੁਰਨ ਵਾਲਾ ਸ਼ਹੀਦ PM ਦਾ ਪੁੱਤ ਕਦੇ ਦੇਸ਼ ਦਾ ਅਪਮਾਨ ਨਹੀਂ ਕਰ ਸਕਦੈ : ਪ੍ਰਿਯੰਕਾ

03/26/2023 2:46:16 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਨੂੰ ਜੋੜਨ ਲਈ ਹਜ਼ਾਰਾਂ ਕਿਲੋਮੀਟਰ ਤੁਰਨ ਵਾਲਾ ਸ਼ਹੀਦ ਪ੍ਰਧਾਨ ਮੰਤਰੀ ਦਾ ਪੁੱਤ ਕਦੇ ਵੀ ਦੇਸ਼ ਦਾ ਅਪਮਾਨ ਨਹੀਂ ਕਰ ਸਕਦਾ ਹੈ। ਉੱਥੇ ਹੀ ਕਾਂਗਰਸ ਨੇ ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਖ਼ਿਲਾਫ਼ ਐਤਵਾਰ ਨੂੰ ਰਾਸ਼ਟਰਵਿਆਪੀ ਪ੍ਰਦਰਸ਼ਨ ਕੀਤਾ। ਵਾਡਰਾ ਇੱਥੇ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ 'ਤੇ ਇਕ ਸਭਾ ਨੂੰ ਸੰਬੋਧਨ ਕਰ ਰਹੀ ਸੀ। ਰਾਹੁਲ ਨੂੰ 2019 ਦੇ ਇਕ ਅਪਰਾਧਕ ਮਾਣਹਾਨੀ ਦੇ ਮਾਮਲੇ 'ਚ ਸੂਰਤ ਦੀ ਅਦਾਲਤ ਵਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾ ਦਿੱਤਾ ਗਿਆ। ਪ੍ਰਿਯੰਕਾ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਹੰਕਾਰੀ ਸਰਕਾਰ ਖ਼ਿਲਾਫ਼ ਆਵਾਜ਼ ਚੁੱਕੀ ਜਾਵੇ, ਕਿਉਂਕਿ ਰਾਹੁਲ ਗਾਂਧੀ ਨੂੰ ਚੋਣ ਲੜਨ ਤੋਂ ਰੋਕਣਾ ਦੇਸ਼ ਅਤੇ ਇਸ ਦੇ ਲੋਕਤੰਤਰ ਲਈ ਚੰਗਾ ਨਹੀਂ ਹੈ।

PunjabKesari

ਕਾਂਗਰਸ ਦੀ ਜਨਰਲ ਸਕੱਤਰ ਨੇ ਦੋਸ਼ ਲਗਾਇਆ ਕਿ ਉਦਯੋਗਪਤੀ ਗੌਤਮ ਅਡਾਨੀ ਨੂੰ ਲੈ ਕੇ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣ ਲਈ ਰਾਹੁਲ ਨੂੰ ਅਯੋਗ ਠਹਿਰਾਇਆ ਗਿਆ ਹੈ ਅਤੇ ਜਨਤਾ ਇਸ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਨੂੰ ਕਰਾਰਾ ਜਵਾਬ ਦੇਵੇਗੀ। ਰਾਜਘਾਟ ਦੇ ਬਾਹਰ 'ਸੰਕਲਪ ਸੱਤਿਆਗ੍ਰਹਿ' 'ਚ ਇਕੱਠੇ ਹੋਏ ਲੋਕਾਂ ਨੂੰ ਵਾਡਰਾ ਨੇ ਕਿਹਾ,''ਮੇਰੇ ਪਰਿਵਾਰ ਨੇ ਖੂਨ ਨਾਲ ਇਸ ਦੇਸ਼ 'ਚ ਲੋਕਤੰਤਰ ਨੂੰ ਸਿੰਜਿਆ ਹੈ। ਅਸੀਂ ਇਸ ਦੇਸ਼ 'ਚ ਲੋਕਤੰਤਰ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ। ਕਾਂਗਰਸ ਦੇ ਮਹਾਨ ਨੇਤਾਵਾਂ ਨੇ ਇਸ ਦੇਸ਼ 'ਚ ਲੋਕਤੰਤਰ ਦੀ ਨੀਂਹ ਰੱਖੀ ਹੈ।'' ਉਨ੍ਹਾਂ ਕਿਹਾ,''ਸਮਾਂ ਆ ਗਿਆ ਹੈ ਅਤੇ ਅਸੀਂ ਹੁਣ ਚੁੱਪ ਰਹਿਣ ਵਾਲਿਆਂ 'ਚੋਂ ਨਹੀਂ ਹਾਂ।'' ਵਾਡਰਾ ਨੇ ਕਿਹਾ ਕਿ ਕੀ ਸ਼ਹੀਦ ਪ੍ਰਧਾਨ ਮੰਤਰੀ ਦਾ ਪੁੱਤ ਦੇਸ਼ ਦਾ ਅਪਮਾਨ ਕਰ ਸਕਦਾ ਹੈ ਅਤੇ ਕਿਹਾ,''ਇਹ ਉਸ ਪ੍ਰਧਾਨ ਮੰਤਰੀ ਦਾ ਅਪਮਾਨ ਹੈ, ਜਿਸ ਨੇ ਆਪਣੀ ਜਾਨ ਦੇ ਦਿੱਤੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News