ਟੱਲੀ ਹੋ ਕੇ ਵਿਆਹ ਕਰਾਉਣ ਪਹੁੰਚ ਗਿਆ ਲਾੜਾ ! ਲਾੜੀ ਨੇ ਬੇਰੰਗ ਮੋੜ''ਤੀ ਬਰਾਤ, SP ਨੇ...
Thursday, Jun 25, 2026 - 05:17 PM (IST)
ਜਾਂਜਗੀਰ- ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ ਦੇ ਇਕ ਪਿੰਡ 'ਚ ਵਿਆਹ ਸਮਾਰੋਹ ਦੌਰਾਨ ਲਾੜੇ ਨੂੰ ਬੁਰੀ ਤਰ੍ਹਾਂ ਨਸ਼ੇ 'ਚ ਦੇਖ ਕੇ ਕੁੜੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਂਪਾ ਥਾਣਾ ਖੇਤਰ ਦੇ ਅਧੀਨ ਆਉਂਦੇ ਕੋਸਮੰਦਾ ਪਿੰਡ ਦੀ ਰਹਿਣ ਵਾਲੀ ਲਾੜੀ ਮੁਸਕਾਨ ਪ੍ਰਧਾਨ (22) ਨੂੰ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਲਈ ਵੀਰਵਾਰ ਨੂੰ ਜਾਂਜਗੀਰ ਸ਼ਹਿਰ 'ਚ ਜਾਂਜਗੀਰ-ਚਾਂਬਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ (ਐੱਸਪੀ) ਵਿਜੇ ਕੁਮਾਰ ਪਾਂਡੇ ਨੇ ਆਪਣੇ ਦਫ਼ਤਰ 'ਚ ਸਨਮਾਨਤ ਕੀਤਾ।
ਉਨ੍ਹਾਂ ਦੱਸਿਆ ਕਿ ਮੁਸਕਾਨ ਦਾ ਵਿਆਹ 23 ਜੂਨ ਨੂੰ ਖੋਖਰਾ ਪਿੰਡ ਦੇ ਰਹਿਣ ਵਾਲੇ ਸੰਤ ਰਾਮ (24) ਨਾਲ ਹੋਣਾ ਸੀ। ਉਨ੍ਹਾਂ ਕਿਹਾ ਕਿ ਬਾਰਾਤ ਸ਼ਾਮ ਕਰੀਬ 4 ਵਜੇ ਕੋਸਮੰਦਾ ਪਿੰਡ ਪਹੁੰਚੀ ਅਤੇ ਵਿਆਹ ਦੀਆਂ ਰਸਮਾਂ ਤੁਰੰਤ ਬਾਅਦ ਸ਼ੁਰੂ ਹੋ ਗਈਆਂ। ਉਨ੍ਹਾਂ ਕਿਹਾ ਕਿ ਲਾੜਾ ਕਥਿਤ ਤੌਰ 'ਤੇ ਇੰਨਾ ਨਸ਼ੇ 'ਚ ਸੀ ਕਿ ਉਹ ਸਹੀ ਢੰਗ ਨਾਲ ਖੜ੍ਹਾ ਨਹੀਂ ਹੋ ਪਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਹਾਲਤ ਬਾਰੇ ਪਤਾ ਲੱਗਣ 'ਤੇ ਮੁਸਕਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਲਾੜੀ ਦੇ ਫੈਸਲੇ ਕਾਰਨ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਅਤੇ ਵਿਆਹ ਦੇ ਮਹਿਮਾਨਾਂ ਵਿਚਕਾਰ ਤਣਾਅ ਵਧ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਸਥਿਤੀ ਵਿਗੜ ਗਈ, ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਚਾਂਪਾ ਪੁਲਸ ਸਟੇਸ਼ਨ ਅਫਸਰ ਅਸ਼ੋਕ ਵੈਸ਼ਨਵ ਦੀ ਅਗਵਾਈ ਹੇਠ ਇਕ ਟੀਮ ਪਿੰਡ ਭੇਜੀ ਗਈ। ਅਧਿਕਾਰੀਆਂ ਦੇ ਅਨੁਸਾਰ, ਮੁਸਕਾਨ ਨੇ ਪੁਲਸ ਨੂੰ ਦੱਸਿਆ ਕਿ ਸਗਾਈ ਦੌਰਾਨ ਵੀ ਲਾੜਾ ਨਸ਼ੇ 'ਚ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਉਸ ਨੂੰ ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਸੀ, ਉਦੋਂ ਲਾੜੇ ਨੇ ਵਾਅਦਾ ਕੀਤਾ ਸੀ ਕਿ ਉਹ ਸ਼ਰਾਪ ਪੀਣਾ ਛੱਡ ਦੇਵੇਗਾ।
ਥਾਣਾ ਇੰਚਾਰਜ ਅਸ਼ੋਕ ਵੈਸ਼ਨਵ ਨੇ ਦੱਸਿਆ ਕਿ ਜਦੋਂ ਦੋਵਾਂ ਧਿਰਾਂ ਦੇ ਪਰਿਵਾਰਾਂ ਦੇ ਵੱਡੇ-ਬਜ਼ੁਰਗ ਇਸ ਮੁੱਦੇ 'ਤੇ ਚਰਚਾ ਕਰ ਰਹੇ ਸਨ, ਉਦੋਂ ਬਾਰਾਤ ਨਾਲ ਆਏ ਕੁਝ ਨੌਜਵਾਨਾਂ ਅਤੇ ਲਾੜੀ ਦੇ ਪਰਿਵਾਰ ਦੇ ਮੈਂਬਰਾਂ ਵਿਚਕਾਰ ਝੜਪ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਅਨੁਸਾਰ, ਲਾੜੇ ਦਾ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਹੋਏ ਖਰਚ ਦੇ ਬਦਲੇ ਲਾੜੀ ਦੇ ਪਰਿਵਾਰ ਨੂੰ ਲਗਭਗ 3 ਲੱਖ ਰੁਪਏ ਦੇਣ 'ਤੇ ਸਹਿਮਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਪੁਲਸ ਸੁਪਰਡੈਂਟ ਵਿਜੇ ਪਾਂਡੇ ਨੇ ਸਮਾਜਿਕ ਵਰਕਰਾਂ ਅਤੇ ਮਹਿਲਾ ਪ੍ਰਤੀਨਿਧੀਆਂ ਦੀ ਮੌਜੂਦਗੀ 'ਚ ਮੁਸਕਾਨ ਦਾ ਸਨਮਾਨ ਕੀਤਾ। ਇਸ ਘਟਨਾ ਦੀ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ 'ਚ ਵਿਆਪਕ ਚਰਚਾ ਹੋਈ ਹੈ। ਬਹੁਤ ਸਾਰੇ ਨਿਵਾਸੀ ਕੁੜੀ ਦੇ ਫੈਸਲੇ ਦੀ ਪ੍ਰਸ਼ੰਸਾ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
