ਮਰਾਠਾ ਰਿਜ਼ਰਵੇਸ਼ਨ ਅੰਦੋਲਨ ਦੀ ਨਹੀਂ ਬੁੱਝੀ ਅੱਗ; 3 ਜ਼ਿਲ੍ਹਿਆਂ ''ਚ ਇੰਟਰਨੈੱਟ ਬੰਦ, ਅੰਦੋਲਨਕਾਰੀਆਂ ਨੇ ਬੱਸ ਨੂੰ ਲਾਈ ਅੱਗ

Tuesday, Feb 27, 2024 - 09:34 AM (IST)

ਮਰਾਠਾ ਰਿਜ਼ਰਵੇਸ਼ਨ ਅੰਦੋਲਨ ਦੀ ਨਹੀਂ ਬੁੱਝੀ ਅੱਗ; 3 ਜ਼ਿਲ੍ਹਿਆਂ ''ਚ ਇੰਟਰਨੈੱਟ ਬੰਦ, ਅੰਦੋਲਨਕਾਰੀਆਂ ਨੇ ਬੱਸ ਨੂੰ ਲਾਈ ਅੱਗ

ਮੁੰਬਈ- ਮਰਾਠਾ ਰਿਜ਼ਰਵੇਸ਼ਨ ਅੰਦੋਲਨ ਦੀ ਅੱਗ ਸੋਮਵਾਰ ਵੀ ਨਹੀਂ ਬੁੱਝੀ ਸੀ। ਮਨੋਜ ਜਰਾਂਗੇ ਦੀ ਅਗਵਾਈ ਹੇਠ ਚੱਲ ਰਹੇ ਅੰਦੋਲਨ ਨੂੰ ਧਿਆਨ ’ਚ ਰੱਖਦਿਆਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮਹਾਰਾਸ਼ਟਰ ਦੇ 3 ਜ਼ਿਲ੍ਹਿਆਂ ਜਾਲਨਾ, ਛਤਰਪਤੀ ਸੰਭਾਜੀਨਗਰ ਅਤੇ ਬੀਡ ’ਚ ਸੋਮਵਾਰ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ।

ਅਧਿਕਾਰੀਆਂ ਨੇ ਸੋਮਵਾਰ ਦੱਸਿਆ ਕਿ ਇਨ੍ਹਾਂ ਜ਼ਿਲਿਆਂ ਦੀਆਂ ਹੱਦਾਂ ਨੂੰ ਵੀ ਸਾਵਧਾਨੀ ਵਜੋਂ ਸੀਲ ਕਰ ਦਿੱਤਾ ਗਿਆ ਹੈ। ਸੂਬੇ ਦੇ ਗ੍ਰਹਿ ਵਿਭਾਗ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਇਕ ਅਧਿਕਾਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਫਵਾਹਾਂ ਨੂੰ ਫੈਲਣ ਤੋਂ ਰੇਕਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਤਿੰਨ ਜ਼ਿਲ੍ਹਿਆਂ ’ਚ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਬੀਡ ਜ਼ਿਲ੍ਹੇ ’ਚ ਬਿਨਾਂ ਇਜਾਜ਼ਤ ਪ੍ਰਦਰਸ਼ਨ ਕਰਨ ’ਤੇ ਤਿੰਨ ਮਾਮਲੇ ਦਰਜ ਕੀਤੇ ਗਏ ਹਨ। ਅੰਦੋਲਨਕਾਰੀਆਂ ਨੇ ਇਕ ਬੱਸ ਨੂੰ ਸਾੜ ਦਿੱਤਾ। ਇਸ ਬੱਸ ਨੂੰ ਸਾੜਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਰਾਂਗੇ ਨੇ ਐਤਵਾਰ ਕਿਹਾ ਸੀ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਗੱਲ ਨਹੀਂ ਸੁਣਨੀ ਚਾਹੀਦੀ। ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੁਨਬੀ ਮਰਾਠਿਆਂ ਦੇ ‘ਖੂਨ ਦੇ ਰਿਸ਼ਤੇਦਾਰਾਂ’ ਬਾਰੇ ਨੋਟੀਫਿਕੇਸ਼ਨ ਕਿਉਂ ਨਹੀਂ ਲਾਗੂ ਕੀਤਾ ਜਾ ਰਿਹਾ?

ਮਨੋਜ ਜਰਾਂਗੇ ਦੇ ਅੰਬਡ ਸ਼ਹਿਰ ’ਚ ਕਰਫਿਊ

ਮਨੋਜ ਜਰਾਂਗੇ ਦੇ ਜਾਲਨਾ ਜ਼ਿਲੇ ਦੇ ਅੰਬਡ ਸ਼ਹਿਰ ’ਚ ਕਰਫਿਊ ਲਾ ਦਿੱਤਾ ਗਿਆ ਹੈ। ਜਾਲਨਾ ਦੇ ਜ਼ਿਲਾ ਮੈਜਿਸਟਰੇਟ ਕ੍ਰਿਸ਼ਨ ਪੰਚਾਲ ਨੇ ਹੁਕਮਾਂ ’ਚ ਕਿਹਾ ਹੈ ਕਿ ਜਰਾਂਗੇ ਨੇ ਐਤਵਾਰ ਐਲਾਨ ਕੀਤਾ ਸੀ ਕਿ ਉਹ ਮੁੰਬਈ ਜਾ ਕੇ ਮਰਾਠਾ ਭਾਈਚਾਰੇ ਲਈ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰਨਗੇ। ਭਾਰੀ ਭੀੜ ਕਾਰਨ ਧੂਲੇ-ਮੁੰਬਈ ਹਾਈਵੇਅ ਤੇ ਆਲੇ-ਦੁਆਲੇ ਦੇ ਹੋਰ ਇਲਾਕਿਆਂ ’ਚ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਨਾਲ ਅਮਨ-ਕਾਨੂੰਨ ਦੀ ਵਿਵਸਥਾ ਭੰਗ ਹੋ ਸਕਦੀ ਹੈ। ਇਸ ਲਈ ਜ਼ਿਲਾ ਕੁਲੈਕਟਰ ਵੱਲੋਂ ਅੰਬਡ ’ਚ ਸੋਮਵਾਰ ਅੱਧੀ ਰਾਤ ਤੋਂ ਅਗਲੇ ਹੁਕਮਾਂ ਤੱਕ ਕਰਫਿਊ ਲਾ ਦਿੱਤਾ ਗਿਆ ਹੈ।


author

Tanu

Content Editor

Related News