ਨਵੇਂ ਸਾਲ ’ਚ ਹਰਿਆਣਾ ਵਾਸੀਆਂ ਲਈ ਹੋ ਰਹੇ ਵੱਡੇ ਬਦਲਾਅ, PPP ਤੋਂ ਮਿਲੇਗਾ ਰਾਸ਼ਨ, ਪੜ੍ਹੋ ਪੂਰੀ ਡਿਟੇਲ
Sunday, Jan 02, 2022 - 04:51 PM (IST)
ਚੰਡੀਗੜ੍ਹ/ਹਰਿਆਣਾ— ਸਾਲ 2022 ਵਿਚ ਹਰਿਆਣਾ ’ਚ ਵੱਡੇ ਬਦਲਾਅ ਹੋਣਗੇ। ਹੁਣ 7 ਜਨਵਰੀ ਤੱਕ ਗਰੀਬ ਬੱਚੇ ਪ੍ਰਾਈਵੇਟ ਸਕੂਲਾਂ ’ਚ ਮੁਫ਼ਤ ਸਿੱਖਿਆ ਲਈ ਦਾਖ਼ਲਾ ਲੈ ਸਕਣਗੇ। ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਦਾਖ਼ਲੇ ਯਕੀਨੀ ਕਰਨ ਲਈ ਕਿਹਾ ਗਿਆ ਹੈ। ਲੱਗਭਗ 30 ਹਜ਼ਾਰ ਬੱਚੇ ਅਜੇ ਵੀ ਦਾਖ਼ਲੇ ਦੀ ਉਡੀਕ ’ਚ ਹਨ। ਪ੍ਰਾਈਵੇਟ ਸਕੂਲ ਸੰਚਾਲਕ ਉਨ੍ਹਾਂ ਨੂੰ ਦਾਖ਼ਲਾ ਨਾ ਦੇਣ ਲਈ ਅੜੇ ਹੋਏ ਹਨ। ਉਹ ਪਹਿਲਾਂ ਦੇ ਸਾਲਾਂ ਵਿਚ ਮੁਫ਼ਤ ਪੜ੍ਹਾਏ ਗਏ ਬੱਚਿਆਂ ਦੀ ਫ਼ੀਸ ਦੀ ਪੂਰਤੀ ਦੇ 700 ਕਰੋੜ ਰੁਪਏ ਮਿਲਣ ’ਤੇ ਹੀ ਦਾਖ਼ਲਾ ਦੇਣ ਦੀ ਗੱਲ ਆਖ ਰਹੇ ਹਨ।
ਜਨਤਕ-ਨਿੱਜੀ ਭਾਈਵਾਲੀ (ਪੀ. ਪੀ. ਪੀ.) ਲੋਕਾਂ ਦੀ ਜ਼ਿੰਦਗੀ ਵਿਚ ਕਈ ਤਬਦੀਲੀਆਂ ਲਿਆਏਗਾ। ਪੀ. ਪੀ. ਪੀ. ਦਾ ਮਤਲਬ ਜਨਤਕ-ਨਿੱਜੀ ਭਾਈਵਾਲੀ। ਜਨਤਾ ਨੂੰ ਚੀਜ਼ਾਂ ਜਾਂ ਸੇਵਾਵਾਂ ਦੀ ਡਿਲਿਵਰੀ ’ਚ ਸਰਕਾਰ ਅਤੇ ਨਿੱਜੀ ਖੇਤਰ ਦੀ ਇਕ ਏਜੰਸੀ ਵਿਚਕਾਰ ਭਾਈਵਾਲੀ। 1 ਜਨਵਰੀ ਤੋਂ ਡਿਪੋ ਵਿਚ ਰਾਸ਼ਨ ਪੀ. ਪੀ. ਪੀ. ਜ਼ਰੀਏ ਹੀ ਮਿਲੇਗਾ। ਜਨਮ-ਮੌਤ ਦਾ ਡਾਟਾ ਆਪਣੇ ਆਪ ਅਪਡੇਟ ਹੋਵੇਗਾ। ਇਸ ਲਈ ਜਨਮ ਅਤੇ ਮੌਤ ਰਜਿਸਟਰਾਰ ਦਫ਼ਤਰ ’ਚ ਜਾਣ ਦੀ ਲੋੜ ਨਹੀਂ ਹੈ। 60 ਸਾਲ ਦੀ ਉਮਰ ਪੂਰੀ ਹੋਣ ’ਤੇ ਖੁਦ ਹੀ ਪੈਨਸ਼ਨ ਲੱਗ ਜਾਵੇਗੀ।
ਜਾਣੋ ਨਵੇਂ ਸਾਲ 2022 ’ਚ ਹਰਿਆਣਾ ’ਚ ਕੀ ਹੋ ਰਹੇ ਬਦਲਾਅ-
— 1 ਜਨਵਰੀ ਤੋਂ ਡਿਪੋ ’ਚ ਰਾਸ਼ਨ ਪੀ. ਪੀ. ਪੀ. ਜ਼ਰੀਏ ਹੀ ਮਿਲੇਗਾ।
— ਜਨਮ-ਮੌਤ ਦਾ ਡਾਟਾ ਆਪਣੇ ਆਪ ਅਪਡੇਟ ਹੋਵੇਗਾ।
— 7 ਜਨਵਰੀ ਤੋਂ ਅੰਤੋਦਯ ਮੇਲਿਆਂ ਦਾ ਦੂਜਾ ਪੜਾਅ
— 15 ਜਨਵਰੀ ਤੋਂ ਪ੍ਰਦੇਸ਼ ’ਚ ਨਿੱਜੀ ਨੌਕਰੀਆਂ ’ਚ ਨੌਜਵਾਨਾਂ ਨੂੰ 75 ਫ਼ੀਸਦੀ ਰੁਜ਼ਗਾਰ ਦਾ ਰਿਜ਼ਰਵੇਸ਼ਨ ਲਾਗੂ।
— ਪਰਿਵਾਰ ਪਹਿਚਾਣ ਪੱਤਰ ਦੇ ਚੌਥੇ ਪੜਾਅ ਦਾ ਕੰਮ ਹੋਵੇਗਾ ਪੂਰਾ।
— ਇਸ ਸਾਲ 611 ਸਰਕਾਰੀ ਸੇਵਾਵਾਂ ਪੀ. ਪੀ. ਪੀ. ਜ਼ਰੀਏ ਆਨਲਾਈਨ ਮਿਲਣਗੀਆਂ।
— 60 ਸਾਲ ਦੀ ਉਮਰ ਪੂਰੀ ਹੋਣ ’ਤੇ ਖ਼ੁਦ-ਬ-ਖ਼ੁਦ ਪੈਨਸ਼ਨ ਸ਼ੁਰੂ ਹੋ ਜਾਵੇਗੀ।
— ਹਰਿਆਣਾ ਕਰਮਚਾਰੀ ਚੋਣ ਕਮਿਸ਼ਨ 22,000 ਅਹੁਦਿਆਂ ’ਤੇ ਨਵੀਆਂ ਭਰਤੀਆਂ ਕਰੇਗਾ।
— ਰੋਡਵੇਜ਼ ’ਚ 809 ਸਾਧਾਰਣ ਬੱਸਾਂ ਲੜੀਬੱਧ ਤਰੀਕੇ ਨਾਲ ਸ਼ਾਮਲ ਹੋਣਗੀਆਂ।
— 55 ਸਾਲ ਤੋਂ ਉੱਪਰ ਦੇ ਲੋਕਾਂ ਲਈ ਸਵੈ-ਰੁਜ਼ਗਾਰ ਯੋਜਨਾਵਾਂ ’ਚ ਵਿਸ਼ੇਸ਼ ਵਿਵਸਥਾਵਾਂ ਹੋਣਗੀਆਂ।
— ਉੱਚ ਸਿੱਖਿਆ ’ਚ ਸਮਾਜਿਕ ਕੰਮਾਂ ਦੇ ਨੰਬਰ ਜੁੜਨੇ ਸ਼ੁਰੂ ਹੋ ਜਾਣਗੇ।