ਪੈਰਿਸ ਓਲੰਪਿਕ 'ਚ ਦੋ ਮੈਡਲ ਜਿੱਤ ਕੇ ਭਾਰਤ ਪਰਤੀ ਮਨੂ ਭਾਕਰ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ

Wednesday, Aug 07, 2024 - 11:31 PM (IST)

ਨਵੀਂ ਦਿੱਲੀ- ਪੈਰਿਸ ਓਲੰਪਿਕ 'ਚ ਇਤਿਹਾਸਕ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤ ਦੀ ਦੋਹਰਾ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਅੱਜ (7 ਅਗਸਤ) ਘਰ ਪਰਤ ਆਈ ਹੈ। ਇੱਥੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪੈਰਿਸ 'ਚ ਇਤਿਹਾਸ ਰਚਣ ਤੋਂ ਬਾਅਦ ਮਨੂ ਭਾਕਰ ਨੇ 10 ਜਨਪਥ 'ਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।

ਮਨੂ ਨੇ ਪੈਰਿਸ ਵਿੱਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਪਹਿਲਾ ਤਗ਼ਮਾ ਦਿਵਾਇਆ। ਇਸ ਤੋਂ ਬਾਅਦ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਹ ਤਿੰਨ ਓਲੰਪਿਕ ਤਮਗੇ ਜਿੱਤਣ ਵਾਲੀ ਇਕਲੌਤੀ ਭਾਰਤੀ ਬਣ ਕੇ ਇਤਿਹਾਸ ਰਚਣ ਦੀ ਕਗਾਰ 'ਤੇ ਸੀ ਪਰ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿਚ ਥੋੜ੍ਹੇ ਫਰਕ ਨਾਲ ਖੁੰਝ ਗਈ।

ਉਹ ਐਤਵਾਰ ਨੂੰ ਓਲੰਪਿਕ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਹਿੱਸਾ ਲੈਣ ਲਈ ਇਸ ਹਫ਼ਤੇ ਪੈਰਿਸ ਪਰਤੇਗੀ। ਪੈਰਿਸ ਓਲੰਪਿਕ 2024 ਦੇ ਸਮਾਪਤੀ ਸਮਾਰੋਹ ਦੌਰਾਨ ਮਨੂ ਭਾਕਰ ਭਾਰਤ ਦੀ ਝੰਡਾ ਬਰਦਾਰ ਹੋਵੇਗੀ। 22 ਸਾਲਾ ਮਨੂ ਨੇ ਓਲੰਪਿਕ ਨਿਸ਼ਾਨੇਬਾਜ਼ੀ ਵਿੱਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।


Rakesh

Content Editor

Related News