4 ਵਾਰ ਗੋਆ ਦੇ CM ਰਹੇ ਪਾਰੀਕਰ ਪਰ ਪੂਰਾ ਨਹੀਂ ਕਰ ਸਕੇ ਕੋਈ ਵੀ ਕਾਰਜਕਾਲ

03/18/2019 11:04:31 AM

ਨਵੀਂ ਦਿੱਲੀ/ਗੋਆ— ਕੈਂਸਰ ਨਾਲ ਜੂਝ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਗੋਆ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਰੱਖਿਆ ਮੰਤਰੀ ਰਹੇ ਮਨੋਹਰ ਪਾਰੀਕਰ ਸਿਆਸਤ 'ਚ ਸਾਦਗੀ ਦੀ ਜਿਉਂਦੀ-ਜਾਗਦੀ ਮਿਸਾਲ ਸਨ। ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਚਾਰਕ ਰਹੇ 63 ਸਾਲਾ ਪਾਰੀਕਰ ਨੇ ਚਾਰ ਵਾਰ ਗੋਆ ਦੇ ਮੁੱਖ ਮੰਤਰੀ ਵਜੋਂ ਕੰਮ ਕੀਤਾ ਪਰ ਇਕ ਵਾਰ ਵੀ ਉਹ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ।

1994 'ਚ ਸਿਆਸਤ 'ਚ ਰੱਖਿਆ ਕਦਮ
ਮਨੋਹਰ ਨੇ 1994 'ਚ ਸਿਆਸਤ 'ਚ ਕਦਮ ਰੱਖਿਆ। ਇਸ ਤੋਂ ਬਾਅਦ ਪਣਜੀ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਦੇ ਤੌਰ 'ਤੇ ਜਿੱਤ ਹਾਸਲ ਕਰ ਕੇ ਵਿਧਾਇਕ ਬਣੇ। ਇਸ ਤੋਂ ਬਾਅਦ ਉਹ ਜੂਨ 1999 ਤੱਕ ਗੋਆ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਹੇ। 1999 'ਚ ਗੋਆ ਵਿਧਾਨ ਸਭਾ ਚੋਣਾਂ ਹੋਈਆਂ। ਰਾਜ ਦੀਆਂ 40 ਸੀਟਾਂ 'ਚੋਂ 10 ਸੀਟਾਂ ਭਾਜਪਾ ਜਿੱਤਣ 'ਚ ਕਾਮਯਾਬ ਰਹੀ ਸੀ। ਇਸ ਤੋਂ ਬਾਅਦ ਗੋਆ ਪੀਪਲਜ਼ ਕਾਂਗਰਸ ਦੀ ਸਰਕਾਰ ਬਣੀ ਪਰ ਇਹ ਇਕ ਸਾਲ ਹੀ ਚੱਲ ਸਕੀ। ਇਸ ਤੋਂ ਬਾਅਦ ਮਨੋਹਰ ਨੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ 2 ਅਤੇ 2 ਆਜ਼ਾਦ ਵਿਧਾਇਕਾਂ ਸਮੇਤ 21 ਵਿਧਾਇਕਾਂ ਦੇ ਸਮਰਥਨ ਨਾਲ ਗੋਆ 'ਚ ਸਰਕਾਰ ਬਣਾਈ।

2000 'ਚ 2 ਵਾਰ ਬਣੇ ਗੋਆ ਦੇ ਮੁੱਖ ਮੰਤਰੀ
ਮਨੋਹਰ ਪਾਰੀਕਰ 24 ਅਕਤੂਬਰ 2000 ਨੂੰ ਗੋਆ ਦੇ ਮੁੱਖ ਮੰਤਰੀ ਬਣੇ ਪਰ ਉਨ੍ਹਾਂ ਦਾ ਇਹ ਕਾਰਜਕਾਲ 27 ਫਰਵਰੀ 2002 ਤੱਕ ਹੀ ਚੱਲਿਆ। ਉਨ੍ਹਾਂ ਨੇ 2002 'ਚ ਗੋਆ ਦੇ ਸਾਬਕਾ ਰਾਜਪਾਲ ਮੁਹੰਮਦ ਫਜ਼ਲ ਤੋਂ ਵਿਧਾਨ ਸਭਾ ਭੰਗ ਕਰ ਕੇ ਰਾਜ 'ਚ ਨਵੀਆਂ ਚੋਣਾਂ ਕਰਵਾਉਣ ਦੀ ਸਿਫਾਰਿਸ਼ ਕੀਤੀ। ਇਸ ਤੋਂ ਬਾਅਦ ਰਾਜ 'ਚ ਭਾਜਪਾ ਦਾ ਸ਼ਾਸਨ ਖਤਮ ਹੋ ਗਿਆ। ਮਨੋਹਰ ਪਾਰੀਕਰ 5 ਜੂਨ 2002 ਨੂੰ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਬਣੇ। ਇਸ ਵਾਰ ਵੀ ਉਹ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ। ਭਾਜਪਾ ਦੇ ਚਾਰ ਵਿਧਾਇਕਾਂ ਨੇ 29 ਜਨਵਰੀ 2005 ਨੂੰ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਪਾਰੀਕਰ ਸਰਕਾਰ ਘੱਟ ਗਿਣਤੀ 'ਚ ਆ ਗਈ, ਜਿਸ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਕਾਂਗਰਸ ਦੇ ਪ੍ਰਤਾਪ ਸਿੰਘ ਰਾਣੇ, ਪਾਰੀਕਰ ਦੀ ਜਗ੍ਹਾ ਗੋਆ ਦੇ ਮੁੱਖ ਮੰਤਰੀ ਬਣੇ।

2012 'ਚ ਵੀ ਨਹੀਂ ਕਰ ਸਕੇ ਕਾਰਜਕਾਲ ਪੂਰਾ
ਗੋਆ 'ਚ 2007 'ਚ ਵਿਧਾਨ ਸਭਾ ਚੋਣਾਂ ਹੋਈਆਂ, ਜਿਸ 'ਚ ਦਿਗੰਬਰ ਕਾਮਤ ਦੀ ਅਗਵਾਈ ਵਾਲੀ ਕਾਂਗਰਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 5 ਸਾਲ ਤੱਕ ਉਹ ਵਿਰੋਧੀ ਧਿਰ ਦੇ ਨੇਤਾ ਰਹੇ ਪਰ 2012 ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ 40 'ਚੋਂ 21 ਸੀਟਾਂ ਨਾਲ ਸੱਤਾ 'ਚ ਵਾਪਸ ਆਈ ਅਤੇ ਮੁੱਖ ਮੰਤਰੀ ਦੇ ਤੌਰ 'ਤੇ ਮਨੋਹਰ ਪਾਰੀਕਰ ਦੀ ਤਾਜਪੋਸ਼ੀ ਹੋਈ ਪਰ 2014 ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ 'ਚ ਭਾਜਪਾ ਸਰਕਾਰ ਬਣੀ। ਮੋਦੀ ਸਰਕਾਰ ਦੇ ਮੰਤਰੀ ਮੰਡਲ ਦਾ ਦੂਜਾ ਵਿਸਥਾਰ ਕੀਤਾ ਗਿਆ ਤਾਂ ਮਨੋਹਰ ਪਾਰੀਕਰ ਨੇ ਗੋਆ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਕੇ ਰੱਖਿਆ ਮੰਤਰੀ ਬਣੇ। ਇਸ ਤਰ੍ਹਾਂ ਪਾਰੀਕਰ ਦਾ ਇਸ ਵਾਰ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ।

2017 'ਚ ਰੱਖਿਆ ਮੰਤਰੀ ਦਾ ਅਹੁਦਾ ਛੱਡ ਫਿਰ ਬਣੇ ਮੁੱਖ ਮੰਤਰੀ
ਗੋਆ 'ਚ 2017 'ਚ ਵਿਧਾਨ ਸਭਾ ਚੋਣਾਂ ਹੋਈਆਂ ਪਰ ਭਾਜਪਾ ਨੂੰ ਰਾਜ 'ਚ ਬਹੁਮਤ ਹਾਸਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਰੱਖਿਆ ਮੰਤਰੀ ਦਾ ਅਹੁਦਾ ਛੱਡ ਕੇ ਗੋਆ ਵਾਪਸ ਜਾਣਾ ਪਿਆ। ਕਾਂਗਰਸ 17 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਪਰ ਭਾਜਪਾ ਆਪਣੇ 13 ਵਿਧਾਇਕਾਂ ਅਤੇ ਗੋਆ ਫਾਰਵਰਡ ਪਾਰਟੀ ਅਤੇ ਐੱਮ.ਜੀ.ਪੀ. ਵਰਗੇ ਦਲਾਂ ਨਾਲ ਮਿਲ ਸਰਕਾਰ ਬਣਾਉਣ 'ਚ ਸਫ਼ਲ ਰਹੀ। ਇਸ ਤੋਂ ਬਾਅਦ ਮੁੱਖ ਮੰਤਰੀ ਦੇ ਤੌਰ 'ਤੇ ਮਨੋਹਰ ਪਾਰੀਕਰ ਦੀ ਤਾਜਪੋਸ਼ੀ ਹੋਈ। ਪਿਛਲੇ ਸਾਲ ਉਨ੍ਹਾਂ ਦੀ ਸਿਹਤ ਵਿਗੜੀ ਅਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਕੈਂਸਰ ਦੀ ਬੀਮਾਰੀ ਹੈ। ਇਸ ਸਾਲ ਦੀ ਲੰਬੀ ਬੀਮਾਰੀ ਤੋਂ ਬਾਅਦ ਉਨ੍ਹਾਂ ਦਾ 17 ਮਾਰਚ ਯਾਨੀ ਐਤਵਾਰ ਨੂੰ ਦਿਹਾਂਤ ਹੋ ਗਿਆ। ਇਸ ਤਰ੍ਹਾਂ ਚੌਥੀ ਵਾਰ ਵੀ ਉਹ ਆਪਣਾ ਮੁੱਖ ਮੰਤਰੀ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇ।


DIsha

Content Editor

Related News