ਡਾ. ਮਨਮੋਹਨ ਸਿੰਘ ਦੀ ਰਾਜ ਸਭਾ ''ਚ ਹੋਵੇਗੀ ਵਾਪਸੀ, ਰਾਜਸਥਾਨ ਤੋਂ ਹੋ ਸਕਦੇ ਨੇ ਰਾਜ ਸਭਾ ਮੈਂਬਰ

06/26/2019 4:20:56 PM

ਨਵੀਂ ਦਿੱਲੀ/ਜੈਪੁਰ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਬਣ ਸਕਦੇ ਹਨ। ਕਾਂਗਰਸ ਪਾਰਟੀ ਮਨਮੋਹਨ ਸਿੰਘ ਨੂੰ ਰਾਜ ਸਭਾ ਲਈ ਮੈਦਾਨ ਵਿਚ ਉਤਾਰ ਸਕਦੀ ਹੈ। ਹਾਲਾਂਕਿ ਇਹ ਉਨ੍ਹਾਂ ਦੇ ਉੱਪਰ ਹੈ ਕਿ ਉਨ੍ਹਾਂ ਨੂੰ ਸੰਸਦ ਮੈਂਬਰ ਬਣਨਾ ਹੈ ਜਾਂ ਨਹੀਂ। ਇੱਥੇ ਦੱਸ ਦੇਈਏ ਕਿ ਮਨਮੋਹਨ ਸਿੰਘ ਦਾ ਰਾਜ ਸਭਾ ਸੰਸਦ ਮੈਂਬਰ ਦਾ ਕਾਰਜਕਾਲ ਇਸ ਮਹੀਨੇ ਦੀ ਸ਼ੁਰੂਆਤ ਵਿਚ ਖਤਮ ਹੋ ਗਿਆ ਹੈ। ਉਹ ਆਸਾਮ ਤੋਂ ਲਗਾਤਾਰ 5ਵੀਂ ਵਾਰ ਰਾਜ ਸਭਾ ਮੈਂਬਰ ਬਣੇ ਸਨ। ਸੂਤਰਾਂ ਮੁਤਾਬਕ ਕਾਂਗਰਸ ਉਨ੍ਹਾਂ ਨੂੰ ਉੱਚ ਸਦਨ ਵਿਚ ਅੱਗੇ ਭੇਜਣ ਦੀ ਤਿਆਰੀ ਵਿਚ ਹੈ। ਹੁਣ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਪਾਰਟੀ ਨੇਤਾਵਾਂ ਦੀ ਬੈਠਕ ਤੋਂ ਬਾਅਦ ਮਨਮੋਹਨ ਸਿੰਘ 'ਤੇ ਫੈਸਲਾ ਲਿਆ ਜਾਵੇਗਾ। ਇਕ ਕਾਂਗਰਸੀ ਨੇਤਾ ਨੇ ਕਿਹਾ ਕਿ ਅਜੇ ਤਕ ਕੁਝ ਤੈਅ ਨਹੀਂ ਕੀਤਾ ਗਿਆ ਹੈ ਅਤੇ ਸੀਟ ਲਈ ਨੋਟੀਫਿਕੇਸ਼ਨਾਂ ਆਉਣ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਉਹ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਨਗੇ। 
ਰਾਜਸਥਾਨ ਵਿਚ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਦਨ ਲਾਲ ਸੈਨੀ ਦੀ ਮੌਤ ਤੋਂ ਬਾਅਦ ਸੂਬੇ 'ਚ ਸੀਟ ਖਾਲੀ ਹੋ ਗਈ ਹੈ। ਸੈਨੀ ਨੂੰ ਅਪ੍ਰੈਲ 2018 'ਚ ਰਾਜ ਸਭਾ ਲਈ ਚੁਣਿਆ ਗਿਆ ਸੀ ਅਤੇ ਉਨ੍ਹਾਂ ਦਾ ਕਾਰਜਕਾਲ ਅਪ੍ਰੈਲ 2024 ਵਿਚ ਖਤਮ ਹੋਣ ਵਾਲਾ ਸੀ। ਵੱਡੀ ਗੱਲ ਇਹ ਹੈ ਕਿ ਰਾਜਸਥਾਨ 'ਚ ਕਾਂਗਰਸ ਪਾਰਟੀ ਸੱਤਾ ਵਿਚ ਹੈ ਅਤੇ ਜੇਕਰ ਚੋਣਾਂ ਹੁੰਦੀਆਂ ਹਨ ਤਾਂ ਰਾਜ ਸਭਾ ਸੀਟ ਜਿੱਤਣ ਦੀ ਸੰਭਾਵਨਾ ਹੈ। ਕਾਂਗਰਸ ਸੂਤਰ ਦੱਸਦੇ ਹਨ ਕਿ ਅਜੇ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਮਨਮੋਹਨ ਸਿੰਘ ਦਾ ਸੰਸਦੀ ਕਰੀਅਰ ਖਤਮ ਹੋ ਗਿਆ। ਮਨਮੋਹਨ ਸਿੰਘ ਦੇ ਬਿਆਨਾਂ ਨੂੰ ਅੱਜ ਵੀ ਮੀਡੀਆ ਗੰਭੀਰਤਾ ਨਾਲ ਲੈਂਦਾ ਹੈ। ਸੰਸਦ ਵਿਚ ਵੀ ਉਨ੍ਹਾਂ ਦਾ ਭਾਸ਼ਣ ਪਾਰਟੀ ਲਈ ਮਹੱਤਵਪੂਰਨ ਹੁੰਦਾ ਹੈ। ਦੱਸਣਯੋਗ ਹੈ ਕਿ ਮਨਮੋਹਨ ਸਿੰਘ ਪਹਿਲੀ ਵਾਰ ਆਸਾਮ ਤੋਂ ਹੀ 1991 ਵਿਚ ਚੁਣ ਕੇ ਰਾਜ ਸਭਾ ਪਹੁੰਚੇ ਸਨ। ਇਸ ਤੋਂ ਬਾਅਦ ਲਗਾਤਾਰ 1995, 2001 ਅਤੇ 2007 ਵਿਚ ਆਸਾਮ ਤੋਂ ਹੀ ਉੱਚ ਸਦਨ ਪਹੁੰਚਦੇ ਰਹੇ। ਉਹ ਲਗਾਤਾਰ 5ਵੀਂ ਵਾਰ ਰਾਜ ਸਭਾ ਮੈਂਬਰ ਬਣੇ ਸਨ। ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਦਾ ਨਾਂ ਆਸਾਮ ਦੀ ਰਾਜਧਾਨੀ ਦਿਸਪੁਰ ਦੀ ਵੋਟਰ ਲਿਸਟ ਵਿਚ ਦਰਜ ਹੈ।


Tanu

Content Editor

Related News