ਮਨਜਿੰਦਰ ਸਿਰਸਾ ਦਾ DSGMC ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦਾ ਦਾਅਵਾ

Sunday, Jan 02, 2022 - 10:31 AM (IST)

ਮਨਜਿੰਦਰ ਸਿਰਸਾ ਦਾ DSGMC ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦਾ ਦਾਅਵਾ

ਨਵੀਂ ਦਿੱਲੀ/ਜਲੰਧਰ (ਯੂ. ਐੱਨ. ਆਈ., ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਨਵੇਂ ਸਾਲ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਅਤੇ ਉਨ੍ਹਾਂ ਦੇ ਵਿਰੋਧੀ ਧਿਰ ਵਿਚਾਲੇ ਦਾਅ-ਪੇਚ ਅਤੇ ਪੈਂਤੜੇਬਾਜ਼ੀ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ ਨੇ ਵਾਪਸ ਲਿਆ ਆਪਣਾ ਅਸਤੀਫ਼ਾ, ਬਣੇ ਰਹਿਣਗੇ ਦਿੱਲੀ ਕਮੇਟੀ ਦੇ ਪ੍ਰਧਾਨ

ਵਿਰੋਧੀ ਧਿਰ ਬੋਲਿਆ- ਕੁਲਵੰਤ ਬਾਠ ਬਣੇ ਕਾਰਜਕਾਰੀ ਪ੍ਰਧਾਨ

ਹਾਲ ਹੀ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਏ ਸਿਰਸਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈਣ ਤੋਂ ਬਾਅਦ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ ਅਤੇ ਉਸ ਨੂੰ ਦਿੱਲੀ ਗੁਰਦੁਆਰਾ ਚੋਣ ਨਿਰਦੇਸ਼ਕ ਨੇ ਮਨਜ਼ੂਰੀ ਦੇ ਦਿੱਤੀ ਹੈ, ਲਿਹਾਜਾ ਉਹ ਇਸ ਸਮੇਂ ਕਮੇਟੀ ਦੇ ਪ੍ਰਧਾਨ ਹਨ। ਇਸ ਦੇ ਉਲਟ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੀ ਪ੍ਰਧਾਨਗੀ ’ਚ ਹੋਈ ਕਾਰਜਕਾਰੀ ਕਮੇਟੀ ਦੀ ਬੈਠਕ ’ਚ ਸਿਰਸਾ ਦੀ ਜਗ੍ਹਾ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੂੰ ਸਹਿਮਤੀ ਨਾਲ ਨਵੀਂ ਕਮੇਟੀ ਦੇ ਗਠਨ ਤੱਕ ਕਾਰਜਕਾਰੀ ਪ੍ਰਧਾਨ ਦੇ ਤੌਰ ’ਤੇ ਸਾਰੀਆਂ ਸ਼ਕਤੀਆਂ ਸੌਂਪਣ ਦਾ ਦਾਅਵਾ ਕੀਤਾ ਗਿਆ।

ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ ਦਾ ਅਸਤੀਫ਼ਾ ਮਨਜ਼ੂਰ, ਕੁਲਵੰਤ ਸਿੰਘ ਬਾਠ ਨੇ ਸੰਭਾਲੀ DSGMC ਦੀ ਜ਼ਿੰਮੇਵਾਰੀ

 

ਇਸ ਦਰਮਿਆਨ ਡੀ. ਐੱਸ. ਜੀ. ਐੱਮ. ਸੀ. ਦੇ ਲੀਗਲ ਸੈੱਲ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਦਿੱਲੀ ਗੁਰਦੁਆਰਾ ਚੋਣ ਨਿਰਦੇਸ਼ਕ ਵੱਲੋਂ ਪ੍ਰਾਪਤ ਹੋਏ ਇਕ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਮੇਟੀ ਦੀ ਅੰਤ੍ਰਿਮ ਕਾਰਜਕਾਰੀ ਕਮੇਟੀ ਨੂੰ ਕਿਸੇ ਅਹੁਦੇਦਾਰ ਨੂੰ ਹਟਾਉਣ ਜਾਂ ਨਿਯੁਕਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਅੰਤ੍ਰਿਮ ਕਮੇਟੀ ਦਾ ਕਾਰਜਕਾਲ 29 ਨਵੰਬਰ 2021 ਤੱਕ ਹੀ ਸੀ। ਕਾਹਲੋਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਤੇ ਅੰਤ੍ਰਿਮ ਕਾਰਜਕਾਰੀ ਕਮੇਟੀ ਦੇ 3 ਮੈਬਰਾਂ ਐੱਮ. ਪੀ. ਸਿੰਘ ਚੱਢਾ, ਕੁਲਦੀਪ ਸਿੰਘ ਸਾਹਨੀ ਅਤੇ ਪਰਮਜੀਤ ਸਿੰਘ ਚੰਡੋਕ ਨੇ ਕਮੇਟੀ ਵੱਲੋਂ ਗੁਰਦੁਆਰਾ ਚੋਣ ਨਿਰਦੇਸ਼ਕ ਤੋਂ ਸਿਰਸਾ ਦੇ ਅਸਤੀਫੇ ਦੀ ਸਥਿਤੀ ਨੂੰ ਲੈ ਕੇ ਸਪੱਸ਼ਟੀਕਰਨ ਮੰਗਿਆ ਸੀ। ਉਨ੍ਹਾਂ ਅਨੁਸਾਰ ਨਿਰਦੇਸ਼ਕ ਨੇ ਇਹ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਅੰਤ੍ਰਿਮ ਕਾਰਜਕਾਰੀ ਕਮੇਟੀ ਦਾ ਕਾਰਜਕਾਲ 29 ਨਵੰਬਰ 2021 ਤੱਕ ਹੀ ਸੀ ਅਤੇ ਇਸ ਦਾ ਕਾਰਜਕਾਲ ਵਧਾਉਣ ਸਬੰਧੀ ਫਾਈਲ ਉਪ-ਰਾਜਪਾਲ ਦੇ ਕੋਲ ਵਿਚਾਰ ਅਧੀਨ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਗੁਰਦੁਆਰਾ ਚੋਣ ਨਿਰਦੇਸ਼ਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਦੋਂ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ, ਅਜਿਹੇ ’ਚ ਕਾਰਜਕਾਲ ਪੂਰਾ ਕਰ ਚੁੱਕੀ ਅੰਤ੍ਰਿਮ ਕਾਰਜਕਾਰੀ ਕਮੇਟੀ ਵੱਲੋਂ ਇਸ ਨੂੰ ਸਵੀਕਾਰ ਕੀਤੇ ਜਾਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਕਾਹਲੋਂ ਨੇ ਦਾਅਵਾ ਕੀਤਾ ਕਿ ਕਾਨੂੰਨੀ ਰੂਪ ’ਚ ਸਿਰਸਾ ਹੀ ਗੁਰਦੁਆਰਾ ਕਮੇਟੀ ਦੇ ਇਸ ਸਮੇਂ ਪ੍ਰਧਾਨ ਹਨ ਅਤੇ 20 ਜਨਵਰੀ ਨੂੰ ਜਾਂ ਇਸ ਤੋਂ ਬਾਅਦ ਨਵੀਂ ਕਮੇਟੀ ਦੇ ਗਠਨ ਤੱਕ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।


author

Tanu

Content Editor

Related News