ਮਨੀਸ਼ਾ ਮਿੱਤਲ ਕਤਲਕਾਂਡ ''ਚ ਸਨਸਨੀਖੇਜ਼ ਖੁਲਾਸਾ ! ਭਰਾ ਹੀ ਨਿਕਲਿਆ ਮਾਸਟਰਮਾਈਂਡ
Tuesday, Jun 30, 2026 - 05:43 PM (IST)
ਸ਼ਿਮਲਾ- ਸਰਸਵਤੀ ਪੈਰਾਡਾਈਜ਼ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਡਾਇਰੈਕਟਰ ਮਨੀਸ਼ਾ ਮਿੱਤਲ ਦੇ ਕਤਲ ਦੇ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਮ੍ਰਿਤਕ ਮਨੀਸ਼ਾ ਦੇ ਭਰਾ ਹੇਮਾਂਕ ਮਿੱਤਲ ਅਤੇ ਹਰਿਆਣਾ ਦੇ ਰੋਹਤਕ ਵਾਸੀ ਗੋਵਿੰਦ ਵਜੋਂ ਹੋਈ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਸ਼ਿਮਲਾ ਦੇ ਐਡੀਸ਼ਨਲ ਪੁਲਸ ਸੁਪਰਡੈਂਟ (ਏਐੱਸਪੀ) ਮੇਹਰ ਪੰਵਾਰ ਨੇ ਦੱਸਿਆ ਕਿ 13 ਜੂਨ 2026 ਨੂੰ ਹਰਿਆਣਾ ਦੇ 2 ਸ਼ੂਟਰਾਂ ਨੇ ਮਨੀਸ਼ਾ ਦੇ ਸਿਰ 'ਚ ਕਈ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਵਾਰਦਾਤ ਦੇ 39 ਘੰਟਿਆਂ ਦੇ ਅੰਦਰ ਹੀ ਦੋਵੇਂ ਸ਼ੂਟਰਾਂ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਕਿ ਸ਼ੂਟਰਾਂ ਨੂੰ ਹੇਮਾਂਕ ਨੇ ਹਾਇਰ ਕੀਤਾ ਸੀ। ਹੇਮਾਂਕ ਨੇ ਗੋਵਿੰਦ ਨੂੰ 8.5 ਲੱਖ ਰੁਪਏ ਭੇਜੇ ਸਨ ਤਾਂ ਕਿ ਉਹ ਕਾਤਲਾਂ ਅਤੇ ਸ਼ਿਮਲਾ ਪਹੁੰਚਣ ਲਈ ਇਸਤੇਮਾਲ ਕੀਤੀ ਗਈ ਕਾਰ ਦਾ ਇੰਤਜ਼ਾਮ ਕਰ ਸਕੇ। ਪੰਵਾਰ ਨੇ ਕਿਹਾ ਕਿ ਹੇਮਾਂਕ ਅਤੇ ਗੋਵਿੰਦ ਦਾ ਮਨੀਸ਼ਾ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜੋ ਉਸ ਦੇ ਕਤਲ ਦਾ ਮੁੱਖ ਕਾਰਨ ਬਣੀ।
ਉਨ੍ਹਾਂ ਕਿਹਾ,''ਜਾਂਚ 'ਚ ਇਹ ਵੀ ਪਤਾ ਲੱਗਾ ਕਿ ਹੇਮਾਂਕ ਕੋਲ ਸਕੂਲ ਦੇ ਸੀਸੀਟੀਵੀ ਫੁਟੇਜ ਦਾ ਐਕਸੈੱਸ ਸੀ, ਜਿੱਥੇ ਮਨੀਸ਼ਾ ਪਿਛਲੇ ਕੁਝ ਮਹੀਨਿਆਂ ਤੋਂ ਆਪਣੀ ਧੀ ਨਾਲ ਰਹਿ ਰਹੀ ਸੀ। ਉਹ ਫੁਟੇਜ ਦਾ ਇਸਤੇਮਾਲ ਉਨ੍ਹਾਂ ਦੀ ਹਰਕਤਾਂ 'ਤੇ ਨਜ਼ਰ ਰੱਖਣ ਲਈ ਕਰ ਰਿਹਾ ਸੀ। ਹੇਮਾਂਕ ਨੇ ਸੀਸੀਟੀਵੀ ਦਾ ਐਕਸੈੱਸ ਗੋਵਿੰਦ ਨਾਲ ਸ਼ੇਅਰ ਕੀਤਾ, ਜਿਸ ਨੇ ਅੱਗੇ ਇਸ ਨੂੰ ਸ਼ੂਟਰਾਂ ਨਾਲ ਸ਼ੇਅਰ ਕੀਤਾ।''
ਏਐੱਸਪੀ ਨੇ ਦੱਸਿਆ ਕਿ ਟੈਕਨੀਕਲ ਅਤੇ ਫਾਈਨੈਂਸ਼ੀਅਲ (ਵਿੱਤੀ) ਸਬੂਤਾਂ ਦੇ ਆਧਾਰ 'ਤੇ ਦੋਵਾਂ ਦੋਸ਼ੀਆਂ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੋਵਿੰਦ ਨੂੰ ਸ਼ਿਮਲਾ ਲਿਆਂਦਾ ਗਿਆ ਹੈ ਅਤੇ ਉਹ ਪੁਲਸ ਰਿਮਾਂਡ 'ਤੇ ਹੈ, ਜਦੋਂ ਕਿ ਹੇਮਾਂਕ, ਜੋ ਕੁਝ ਹਫ਼ਤੇ ਪਹਿਲਾਂ ਜ਼ਖ਼ਮੀ ਹੋ ਗਿਆ ਸੀ, ਅਜੇ ਆਪਣੇ ਘਰ ਹੈ ਅਤੇ ਉਸ ਨੂੰ ਵਰਚੁਅਲ ਤਰੀਕੇ ਨਾਲ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅੱਗੇ ਦੀ ਜਾਂਚ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
