ਆਕਸੀਜਨ ਦੀ ਘਾਟ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮਿਲੇਗਾ 5 ਲੱਖ ਦਾ ਮੁਆਵਜ਼ਾ : ਮਨੀਸ਼ ਸਿਸੋਦੀਆ

Friday, Jun 04, 2021 - 06:07 PM (IST)

ਆਕਸੀਜਨ ਦੀ ਘਾਟ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮਿਲੇਗਾ 5 ਲੱਖ ਦਾ ਮੁਆਵਜ਼ਾ : ਮਨੀਸ਼ ਸਿਸੋਦੀਆ

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਨੇ ਇਹ ਪਤਾ ਲਗਾਉਣ ਲਈ 4 ਮੈਂਬਰੀ ਮਾਹਿਰ ਕਮੇਟੀ ਗਠਿਤ ਕੀਤੀ ਹੈ ਕਿ ਕੀ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਮਰੀਜ਼ਾਂ ਦੀ ਮੌਤ ਹੋਈ ਹੈ। ਸਿਸੋਦੀਆ ਨੇ ਕਿਹਾ ਕਿ ਜੇਕਰ ਕਮੇਟੀ ਨੂੰ ਪਤਾ ਲੱਗਦਾ ਹੈ ਕਿ ਕਿਸੇ ਮਰੀਜ਼ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਹੋਈ ਹੈ ਤਾਂ ਦਿੱਲੀ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦੇਵੇਗੀ। ਸਿਸੋਦੀਆ ਨੇ ਆਨਲਾਈਨ ਬ੍ਰੀਫਿੰਗ 'ਚ ਕਿਹਾ ਕਿ ਫਾਈਲ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਕੋਲ ਭੇਜ ਦਿੱਤੀ ਗਈ ਹੈ ਅਤੇ ਉੱਪ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਮੇਟੀ ਆਪਣਾ ਕੰਮ ਸ਼ੁਰੂ ਕਰੇਗੀ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਸੰਕਟ ਪੈਦਾ ਹੋ ਗਿਆ ਸੀ ਅਤੇ ਅਜਿਹੀਆਂ ਖ਼ਬਰਾਂ ਹਨ ਕਿ ਕੁਝ ਹਸਪਤਾਲਾਂ 'ਚ ਆਕਸੀਜਨ ਦੀ ਘਾਟ ਕਾਰਨ ਮੌਤ ਹੋਈ ਸੀ। ਉਨ੍ਹਾਂ ਕਿਹਾ,''ਅਸੀਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਅਤੇ ਮਾਮਲੇ ਦੀ ਜਾਂਚ ਲਈ 4 ਮੈਂਬਰੀ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਲਿਆ। ਇਸ ਕਮੇਟੀ 'ਚ ਮੈਡੀਕਲ ਮਾਹਿਰ ਹਨ। ਅਸੀਂ ਮਨਜ਼ੂਰੀ ਲਈ ਫਾਈਲ ਉੱਪ ਰਾਜਪਾਲ ਕੋਲ ਭੇਜੀ ਹੈ।''

 

ਸਿਸੋਦੀਆ ਨੇ ਕਿਹਾ,''ਇਹ ਕਮੇਟੀ ਹਫ਼ਤੇ 'ਚ 2 ਵਾਰ ਬੈਠਕ ਕਰੇਗੀ ਅਤੇ ਹਰ ਮਾਮਲੇ 'ਤੇ ਗੌਰ ਕਰੇਗੀ ਕਿ ਕੀ ਜੀਵਨ ਰੱਖਿਅਕ ਗੈਸ ਦੀ ਕਮੀ ਕਾਰਨ ਮੌਤ ਹੋਈ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕਮੇਟੀ ਅਜਿਹੇ ਮਾਮਲਿਆਂ 'ਤੇ ਗੌਰ ਕਰੇਗੀ, ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰਾਂ ਦਾ ਦਾਅਵਾ ਹੈ ਕਿ ਆਕਸੀਜਨ ਦੀ ਕਮੀ ਕਾਰਨ ਮੌਤ ਹੋਈ। ਜੇਕਰ ਇਸ ਦੀ ਪੁਸ਼ਟੀ ਹੁੰਦੀ ਹੈ ਤਾਂ ਆਕਸੀਜਨ ਦੀ ਕਮੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਜਾਂ ਰਸਤੇ 'ਚ ਜਾਨ ਗੁਆਉਣ ਵਾਲੇ ਲੋਕ ਵੀ ਇਸ ਦੇ ਦਾਇਰੇ 'ਚ ਆਉਣਗੇ। ਮੱਧ ਅਪ੍ਰੈਲ 'ਚ ਦਿੱਲੀ 'ਚ ਆਕਸੀਜਨ ਸਿਲੰਡਰ ਦੀ ਕਮੀ ਹੋ ਗਈ ਸੀ ਅਤੇ ਕਈ ਪਰਿਵਾਰਾਂ ਨੂੰ ਇਸ ਲਈ ਕਾਫ਼ੀ ਭਟਕਣਾ ਪਿਆ ਸੀ। ਕਈ ਹਸਪਤਾਲਾਂ ਨੇ ਵੀ ਮੈਡੀਕਲ ਆਕਸੀਜਨ ਘੱਟ ਹੋਣ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਸੀ। ਅਜਿਹੀਆਂ ਵੀ ਖ਼ਬਰਾਂ ਆਈਆਂ ਸਨ ਕਿ ਆਕਸੀਜਨ ਕਾਰਨ ਹਸਪਤਾਲਾਂ 'ਚ ਕਈ ਮਰੀਜ਼ਾਂ ਦੀ ਮੌਤ ਹੋ ਗਈ।


author

DIsha

Content Editor

Related News