''ਮਣੀਪੁਰ ’ਚ ਨਵੀਂ ਸਰਕਾਰ ਬਣਾਉਣ ਲਈ 44 ਵਿਧਾਇਕ ਤਿਆਰ''

Wednesday, May 28, 2025 - 07:04 PM (IST)

''ਮਣੀਪੁਰ ’ਚ ਨਵੀਂ ਸਰਕਾਰ ਬਣਾਉਣ ਲਈ 44 ਵਿਧਾਇਕ ਤਿਆਰ''

ਇੰਫਾਲ, (ਭਾਸ਼ਾ)- ਮਣੀਪੁਰ ਦੇ ਭਾਜਪਾ ਵਿਧਾਇਕ ਥੋਕਚੋਮ ਰਾਧੇਸ਼ਿਆਮ ਸਿੰਘ ਨੇ ਬੁੱਧਵਾਰ ਰਾਜਪਾਲ ਅਜੇ ਕੁਮਾਰ ਭੱਲਾ ਨਾਲ ਮੁਲਾਕਾਤ ਤੋਂ ਬਾਅਦ ਦਾਅਵਾ ਕੀਤਾ ਕਿ 44 ਵਿਧਾਇਕ ਨਵੀਂ ਸਰਕਾਰ ਬਣਾਉਣ ਲਈ ਤਿਆਰ ਹਨ। ਉਨ੍ਹਾਂ ਰਾਜ ਭਵਨ ’ਚ 9 ਹੋਰ ਵਿਧਾਇਕਾਂ ਨਾਲ ਰਾਜਪਾਲ ਨਾਲ ਮੁਲਾਕਾਤ ਕੀਤੀ।

ਭਾਜਪਾ ਵਿਧਾਇਕ ਨੇ ਕਿਹਾ ਕਿ ਅਸੀਂ ਰਾਜਪਾਲ ਨੂੰ ਇਹ ਦੱਸ ਦਿੱਤਾ ਹੈ ਲੋਕਾਂ ਦੀ ਇੱਛਾ ਅਨੁਸਾਰ 44 ਵਿਧਾਇਕ ਸਰਕਾਰ ਬਣਾਉਣ ਲਈ ਤਿਆਰ ਹਨ। ਇਸ ਮੁੱਦੇ ਦਾ ਹੱਲ ਕੀ ਹੋ ਸਕਦਾ ਹੈ, ਬਾਰੇ ਵੀ ਅਸੀਂ ਚਰਚਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਰਾਜਪਾਲ ਨੇ ਸਾਡੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਤੇ ਕਿਹਾ ਕਿ ਲੋਕਾਂ ਦੇ ਹਿੱਤਾਂ ਅਨੁਸਾਰ ਕਾਰਵਾਈ ਸ਼ੁਰੂ ਕੀਤੀ ਜਾਏਗੀ।

ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਸਰਕਾਰ ਬਣਾਉਣ ਦਾ ਦਾਅਵਾ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਫੈਸਲਾ ਲਵੇਗੀ। ਇਹ ਕਹਿਣਾ ਕਿ ਅਸੀਂ ਤਿਆਰ ਹਾਂ, ਸਰਕਾਰ ਬਣਾਉਣ ਦਾ ਦਾਅਵਾ ਕਰਨ ਵਰਗਾ ਹੀ ਹੈ। ਵਿਧਾਨ ਸਭਾ ਦੇ ਸਪੀਕਰ ਸੱਤਿਆਵਰਤ ਨੇ ਨੱਜੀ ਅਤੇ ਸਾਂਝੇ ਤੌਰ ’ਤੇ 44 ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਕਿਸੇ ਨੇ ਵੀ ਨਵੀਂ ਸਰਕਾਰ ਬਣਾਉਣ ਦਾ ਵਿਰੋਧ ਨਹੀਂ ਕੀਤਾ।

ਸੂਬੇ ’ਚ ਫਰਵਰੀ ਤੋਂ ਹੈ ਰਾਸ਼ਟਰਪਤੀ ਰਾਜ ਲਾਗੂ

ਫਰਵਰੀ ’ਚ ਭਾਜਪਾ ਨੇਤਾ ਐੱਨ. ਬੀਰੇਨ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮਣੀਪੁਰ ’ਚ ਰਾਸ਼ਟਰਪਤੀ ਰਾਜ ਲਾਗੂ ਹੈ। ਮਈ 2023 ’ਚ ਮੇਤੇਈ ਤੇ ਕੁਕੀ ਭਾਈਚਾਰੇ ਦਰਮਿਆਨ ਸ਼ੁਰੂ ਹੋਏ ਨਸਲੀ ਟਕਰਾਅ ਨਾਲ ਨਜਿੱਠਣ ਦੇ ਆਪਣੀ ਸਰਕਾਰ ਦੇ ਤਰੀਕੇ ਦੀ ਆਲੋਚਨਾ ਦਰਮਿਆਨ ਬੀਰੇਨ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ।

ਮਣੀਪੁਰ ’ਚ ਇਸ ਸਮੇਂ 60 ਮੈਂਬਰੀ ਵਿਧਾਨ ਸਭਾ ’ਚ 59 ਵਿਧਾਇਕ ਹਨ। ਇਕ ਵਿਧਾਇਕ ਦੀ ਮੌਤ ਕਾਰਨ ਇਕ ਸੀਟ ਖਾਲੀ ਹੈ। ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ’ਚ ਕੁੱਲ 44 ਵਿਧਾਇਕ ਹਨ, ਜਿਨ੍ਹਾਂ ’ਚ 32 ਮੇਤੇਈ, 3 ਮਣੀਪੁਰੀ ਮੁਸਲਿਮ ਤੇ 9 ਨਾਗਾ ਵਿਧਾਇਕ ਸ਼ਾਮਲ ਹਨ।


author

Rakesh

Content Editor

Related News