ਇਹ ਬੀਬੀ ਕਰ ਰਹੀ ਕਮਲ ਦੇ ਡੰਡਲ ਨਾਲ ਮਾਸਕ ਬਣਾਉਣ ਦਾ ਅਨੋਖਾ ਕੰਮ
Tuesday, Sep 29, 2020 - 04:31 PM (IST)
ਇੰਫਾਲ- ਮਣੀਪੁਰ ਦੇ ਬਿਸੇਨਪੁਰ ਜ਼ਿਲ੍ਹੇ ਦੀ 27 ਸਾਲਾ ਇਕ ਬੀਬੀ ਨੇ ਕਮਲ ਦੇ ਡੰਡਲ ਨਾਲ ਧ਼ਾਗਾ ਅਤੇ ਕੱਪੜਾ ਬਣਾਇਆ ਹੈ ਅਤੇ ਹੁਣ ਉਸੇ ਪੌਦੇ ਦੇ ਡੰਡਲ ਨਾਲ ਮਾਸਕ ਬਣਾਉਣ ਦਾ ਅਨੋਖਾ ਕੰਮ ਕਰ ਰਹੀ ਹੈ। ਰਾਜ ਦੀ ਪ੍ਰਸਿੱਧ ਲੋਕਤਕ ਝੀਲ ਕੋਲ ਥੰਗਾ ਟੋਂਗਬ੍ਰਮ ਇਲਾਕੇ ਦੀ ਵਾਸੀ ਟੋਂਗਬ੍ਰਮ ਵਿਜਯਸ਼ਾਂਤੀ ਨੇ ਦੱਸਿਆ ਕਿ ਉਹ 15 ਜਨਾਨੀਆਂ ਨਾਲ ਇਸ ਪ੍ਰਾਜੈਕਟ 'ਚ ਸ਼ਾਮਲ ਹੈ ਅਤੇ 20 ਹੋਰ ਜਨਾਨੀਆਂ ਨੂੰ ਸਿਖਲਾਈ ਦੇ ਰਹੀ ਹੈ। ਲੋਕਤਕ ਝੀਲ 'ਚ ਵੱਡੀ ਗਿਣਤੀ 'ਚ ਕਮਲ ਦੇ ਫੁੱਲ ਉਗਦੇ ਹਨ।
ਵਿਜਯਸ਼ਾਂਤੀ ਨੇ ਕਿਹਾ ਕਿ ਉਸ ਨੇ 2018-19 'ਚ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਕਮਲ ਦੇ ਡੰਡਲ ਨਾਲ ਧ਼ਾਗਾ ਅਤੇ ਕੱਪੜਾ ਬਣਾਇਆ। ਉਸ ਦੇ ਉਤਪਾਦ ਨੂੰ ਗੁਜਰਾਤ ਪ੍ਰਯੋਗਸ਼ਾਲਾ 'ਚ ਭੇਜਿਆ ਗਿਆ, ਜਿਸ ਨੇ ਇਸ ਲਈ ਹਰੀ ਝੰਡੀ ਦੇ ਦਿੱਤੀ। ਵਨਸਪਤੀ ਵਿਗਿਆਨ 'ਚ ਗਰੈਜੂਏਟ ਸ਼ਾਂਤੀ ਨੇ ਕਿਹਾ,''ਮੈਂ ਜ਼ਿਆਦਾਤਰ ਇੰਟਰਨੈੱਟ ਤੋਂ ਹੀ ਉਤਪਾਦਨ ਬਾਰੇ ਜਾਣਿਆ ਅਤੇ ਮੇਰੇ ਇਕ ਟੀਚਰ ਨੇ ਮੈਨੂੰ ਇਸ ਨੂੰ ਰੋਜ਼ੀ-ਰੋਟੀ ਦਾ ਸਰੋਤ ਬਣਾਉਣ ਲਈ ਕਿਹਾ ਤਾਂ 2017-18 'ਚ ਇਹ ਕੰਮ ਸ਼ੁਰੂ ਕਰ ਦਿੱਤਾ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰੋਗਰਾਮ 'ਚ ਵਿਜਯਸ਼ਾਂਤੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਟਵੀਟ ਕਰ ਕੇ ਵਿਜਯਸ਼ਾਂਤੀ ਦੇ ਡੰਡਲ ਨਾਲ ਧ਼ਾਗਾ ਅਤੇ ਕੱਪੜਾ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਟਵੀਟ ਕੀਤਾ,''ਮਨ ਕੀ ਬਾਤ 'ਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਮਲ ਦੀ ਡੰਡਲ ਨਾਲ ਧ਼ਾਗਾ ਬਣਾਉਣ ਵਾਲੀ ਮਣੀਪੁਰ ਦੀ ਵਿਜਯਸ਼ਾਂਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਕਮਲ ਦੀ ਖੇਤੀ ਅਤੇ ਕੱਪੜਾ ਉਦਯੋਗ ਦੇ ਨਵੇਂ ਮਾਰਗ ਖੋਲ੍ਹ ਦਿੱਤੇ ਹਨ।'' ਕਮਲ ਦੇ ਡੰਡਲ ਨਾਲ ਬਣੇ ਕੱਪੜਿਆਂ ਦੀਆਂ ਵਿਦੇਸ਼ਾਂ 'ਚ ਬਹੁਤ ਮੰਗ ਹੈ।