ਪਿਓ ਨੇ ਮਾਸੂਮ ਧੀ ਦਾ ਕੀਤਾ ਕਤਲ, ਫਿਰ ਖ਼ੁਦ ਚੁੱਕਿਆ ਖ਼ੌਫਨਾਕ ਕਦਮ

Friday, Aug 23, 2024 - 06:14 PM (IST)

ਪਿਓ ਨੇ ਮਾਸੂਮ ਧੀ ਦਾ ਕੀਤਾ ਕਤਲ, ਫਿਰ ਖ਼ੁਦ ਚੁੱਕਿਆ ਖ਼ੌਫਨਾਕ ਕਦਮ

ਪਾਲਘਰ (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਪਤਨੀ ਨਾਲ ਵਿਵਾਦ ਕਾਰਨ ਇਕ ਵਿਅਕਤੀ ਨੇ ਆਪਣੀ ਸਾਢੇ ਤਿੰਨ ਸਾਲ ਦੀ ਧੀ ਨੂੰ ਚੂਹੇ ਮਾਰਨ ਵਾਲੀ ਦਵਾਈ ਖੁਆ ਕੇ ਮਾਰ ਦਿੱਤਾ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ 20 ਅਗਸਤ ਨੂੰ ਮੋਖਾਡਾ 'ਚ ਹੋਈ ਅਤੇ ਵੀਰਵਾਰ ਨੂੰ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਜੂਝਣ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ। ਦੋਸ਼ੀ ਆਦਿਨਾਥ ਰੋਕੜੇ (34) ਆਪਣੀ ਪਤਨੀ ਨਾਲ ਗੁਆਂਢੀ ਨਾਸਿਕ ਜ਼ਿਲ੍ਹੇ ਦੇ ਚਿੰਚੋਲਾ 'ਚ ਕੰਮ ਕਰਦਾ ਸੀ। ਮੋਖਾਡਾ ਪੁਲਸ ਦੇ ਸਹਾਇਕ ਇੰਸਪੈਕਟਰ ਪ੍ਰੇਮਨਾਥ ਢੋਲੇ ਨੇ ਦੱਸਿਆ ਕਿ ਦੋਸ਼ੀ ਨੂੰ ਆਪਣੀ ਪਤਨੀ 'ਤੇ ਕਿਸੇ ਨਾਲ ਸੰਬੰਧ ਹੋਣ ਦਾ ਸ਼ੱਕ ਸੀ, ਜਿਸ ਕਾਰਨ ਜੋੜੇ ਵਿਚਾਲੇ ਹਮੇਸ਼ਾ ਝਗੜਾ ਹੁੰਦਾ ਸੀ।

ਅਧਿਕਾਰੀ ਨੇ ਦੱਸਿਆ ਕਿ ਰੋਕੜੇ ਆਪਣੀ ਧੀ ਪਰੀ ਨੂੰ ਮੋਖਾਡਾ ਦੇ ਖੋਡਾਲਾ ਸਥਿਤ ਆਪਣੇ ਘਰ ਲੈ ਆਇਆ ਅਤੇ ਆਪਣੀ ਪਤਨੀ ਨੂੰ ਬੱਚੀ ਨੂੰ ਵਾਪਸ ਨਹੀਂ ਲਿਜਾਉਣ ਦਿੱਤਾ। 20 ਅਗਸਤ ਨੂੰ ਦੋਸ਼ੀ ਨੇ ਬੱਚੀ ਨੂੰ ਚੂਹੇ ਮਾਰਨ ਵਾਲੀ ਦਵਾਈ ਖੁਆ ਦਿੱਤੀ ਅਤੇ ਖ਼ੁਦ ਵੀ ਖਾ ਲਈ। ਉਨ੍ਹਾ ਦੱਸਿਆ ਕਿ ਪਿਓ  ਅਤੇ ਧੀ ਨੂੰ ਨਾਸਿਕ ਦੇ ਇਕ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਬੱਚੀ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ 2 ਦਿਨ ਬਾਅਦ ਹਸਪਤਾਲ 'ਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (1) (ਕਤਲ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News