ਸ਼ਰਾਬੀ ਪਿਓ ਨੇ ਹੱਥੀਂ ਉਜਾੜਿਆ ਘਰ! ਮਾਮੂਲੀ ਬਹਿਸ ਮਗਰੋਂ 20 ਸਾਲਾ ਬੇਟੇ ਦਾ ਕ...ਤਲ

Monday, Nov 11, 2024 - 06:46 PM (IST)

ਲਖਨਊ : ਯੂਪੀ ਦੇ ਬਿਜਨੌਰ 'ਚ ਕਤਲ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸ਼ਰਾਬੀ ਪਿਤਾ ਨੇ ਆਪਣੇ ਹੀ ਪੁੱਤਰ ਦਾ ਕਤਲ ਕਰ ਦਿੱਤਾ। ਕਤਲ ਦੀ ਇਹ ਘਟਨਾ ਕਾਂਸ਼ੀਰਾਮ ਕਲੋਨੀ 'ਚ ਵਾਪਰੀ ਜਿੱਥੇ ਪਿਤਾ ਨੇ ਆਪਣੇ 20 ਸਾਲਾ ਪੁੱਤਰ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਇਸ ਘਟਨਾ ਸਬੰਧੀ ਪੁਲਸ ਨੇ ਦੱਸਿਆ ਕਿ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ ਇਸ ਕਤਲ ਬਾਰੇ ਸਰਕਲ ਅਫਸਰ (ਸੀਓ) ਸੰਗਰਾਮ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਮੁਲਜ਼ਮ ਚਤਰ ਸਿੰਘ ਅਤੇ ਉਸ ਦੇ ਪੁੱਤਰ ਅਕਸ਼ੈ ਵਿਚਕਾਰ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਨਸ਼ੇ ਦੀ ਹਾਲਤ 'ਚ ਚਤਰ ਸਿੰਘ ਨੇ ਲੜਾਈ ਦੌਰਾਨ ਗੁੱਸੇ 'ਚ ਆ ਕੇ ਆਪਣੇ ਲੜਕੇ ਅਕਸ਼ੈ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਇਸ ਤੋਂ ਬਾਅਦ ਪਰਿਵਾਰ ਵਾਲੇ ਗੰਭੀਰ ਜ਼ਖਮੀ ਅਕਸ਼ੇ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਅਕਸ਼ੈ ਦੀ ਪਤਨੀ ਚੰਦਰ ਦੇਵੀ ਨੇ ਆਪਣੇ ਸਹੁਰੇ ਦੇ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਚਤਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪਿਤਾ ਵੱਲੋਂ ਪੁੱਤਰ ਦੇ ਕਤਲ ਦੀ ਇਸ ਘਟਨਾ ਨੇ ਸਥਾਨਕ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੁਆਂਢੀਆਂ ਅਨੁਸਾਰ ਚਤਰ ਸਿੰਘ ਅਕਸਰ ਸ਼ਰਾਬ ਦੇ ਨਸ਼ੇ 'ਚ ਰਹਿੰਦਾ ਸੀ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ 'ਚ ਕਈ ਵਾਰ ਝਗੜੇ ਹੋ ਚੁੱਕੇ ਸਨ।

ਜਾਣਕਾਰੀ ਮੁਤਾਬਕ ਮ੍ਰਿਤਕ ਅਕਸ਼ੈ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਇਸ ਘਟਨਾ ਤੋਂ ਬਾਅਦ ਉਸ ਦੀ ਪਤਨੀ ਡੂੰਘੇ ਸਦਮੇ 'ਚ ਹੈ। ਇਸ ਕਤਲ ਬਾਰੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਦੀ ਸਥਿਤੀ ਹੋਰ ਸਪੱਸ਼ਟ ਹੋਵੇਗੀ।


Baljit Singh

Content Editor

Related News