ਪਾਕਿਸਤਾਨੀ ਔਰਤ ਨਾਲ ਵਿਆਹ, ਭਾਰਤੀ ਪਤਨੀ ਨੂੰ ਤਲਾਕ, ਕੁਵੈਤ ਤੋਂ ਆਉਂਦੇ ਹੀ ਗ੍ਰਿਫ਼ਤਾਰ ਹੋਇਆ ਰਹਿਮਾਨ
Wednesday, Aug 14, 2024 - 11:28 AM (IST)
ਜੈਪੁਰ (ਭਾਸ਼ਾ)- ਰਾਜਸਥਾਨ ਪੁਲਸ ਨੇ ਇਕ ਵਿਅਕਤੀ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਨ ਅਤੇ ਪਾਕਿਸਤਾਨੀ ਔਰਤ ਨਾਲ ਵਿਆਹ ਕਰਨ ਤੋਂ ਬਾਅਦ ਆਪਣੀ ਪਤਨੀ ਨੂੰ ਤਿੰਨ ਵਾਰ ਫੋਨ 'ਤੇ 'ਤਲਾਕ' ਕਹਿਣ ਅਤੇ ਰਿਸ਼ਤਾ ਤੋੜਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਹਨੂੰਮਾਨਗੜ੍ਹ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ (ਐੱਸਸੀ/ਐੱਸਟੀ ਸੈੱਲ) ਰਣਵੀਰ ਸਿੰਘ ਨੇ ਦੱਸਿਆ ਕਿ ਭਾਦਰਾ, ਹਨੂੰਮਾਨਗੜ੍ਹ ਦੀ ਰਹਿਣ ਵਾਲੀ ਫਰੀਦਾ ਬਾਨੋ (29) ਨੇ ਪਿਛਲੇ ਮਹੀਨੇ ਆਪਣੇ ਪਤੀ ਰਹਿਮਾਨ (35) ਖ਼ਿਲਾਫ਼ ਤਿੰਨ ਵਾਰ ਤਲਾਕ ਕਹਿ ਕੇ ਰਿਸ਼ਤਾ ਤੋੜਨ ਅਤੇ ਦਾਜ ਲਈ ਪਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਔਰਤ ਨਾਲ ਵਿਆਹ ਕਰਨ ਦਾ ਦੋਸ਼ੀ ਰਹਿਮਾਨ ਕੁਵੈਤ 'ਚ ਸੀ ਅਤੇ ਸੋਮਵਾਰ ਨੂੰ ਜੈਪੁਰ ਹਵਾਈ ਅੱਡੇ 'ਤੇ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ ਹਨੂੰਮਾਨਗੜ੍ਹ ਪੁਲਸ ਦੀ ਟੀਮ ਨੇ ਮੁਲਜ਼ਮ ਰਹਿਮਾਨ ਨੂੰ ਜੈਪੁਰ ਹਵਾਈ ਅੱਡੇ ਤੋਂ ਹਿਰਾਸਤ 'ਚ ਲਿਆ ਅਤੇ ਮੁੱਢਲੀ ਪੁੱਛ-ਗਿੱਛ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਸ ਮੁਤਾਬਕ ਦੋਸ਼ੀ ਰਹਿਮਾਨ ਅਤੇ ਫਰੀਦਾ ਬਾਨੋ ਦਾ ਵਿਆਹ 2011 'ਚ ਹੋਇਆ ਸੀ। ਜੋੜੇ ਦਾ ਇਕ ਪੁੱਤਰ ਅਤੇ ਇਕ ਧੀ ਹੈ। ਬਾਅਦ 'ਚ ਰਹਿਮਾਨ ਕੁਵੈਤ ਚਲਾ ਗਿਆ ਅਤੇ ਉੱਥੇ ਟਰਾਂਸਪੋਰਟ ਸੈਕਟਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੋਸ਼ਲ ਮੀਡੀਆ ਰਾਹੀਂ ਉਸ ਦੀ ਮੁਲਾਕਾਤ ਪਾਕਿਸਤਾਨੀ ਮਹਿਲਾ ਮਹਿਵਿਸ਼ ਨਾਲ ਹੋਈ ਅਤੇ ਉਸ ਨੇ ਸਾਊਦੀ ਅਰਬ 'ਚ ਉਸ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੱਸਿਆ ਕਿ ਮਹਿਵਿਸ਼ ਪਿਛਲੇ ਮਹੀਨੇ ਟੂਰਿਸਟ ਵੀਜ਼ੇ 'ਤੇ ਚੁਰੂ ਆਈ ਅਤੇ ਫਿਲਹਾਲ ਰਹਿਮਾਨ ਦੇ ਮਾਤਾ-ਪਿਤਾ ਨਾਲ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਮਹਿਲਾ ਮਹਿਵਿਸ਼ ਦੇ ਚੁਰੂ ਆਉਣ ਤੋਂ ਬਾਅਦ ਹਨੂੰਮਾਨਗੜ੍ਹ 'ਚ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਫਰੀਦਾ ਬਾਨੋ ਨੇ ਰਹਿਮਾਨ ਖ਼ਿਲਾਫ਼ ਮਾਮਲਾ ਦਰਜ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8