ਮਮਤਾ ਦੀ ਵਿਵਾਦਿਤ ਫੋਟੋ ਸ਼ੇਅਰ ਕਰਨ ਵਾਲੀ ਭਾਜਪਾ ਵਰਕਰ ਨੂੰ ਮਿਲੀ ਜ਼ਮਾਨਤ

Tuesday, May 14, 2019 - 12:48 PM (IST)

ਮਮਤਾ ਦੀ ਵਿਵਾਦਿਤ ਫੋਟੋ ਸ਼ੇਅਰ ਕਰਨ ਵਾਲੀ ਭਾਜਪਾ ਵਰਕਰ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ— ਮਮਤਾ ਬੈਨਰਜੀ ਦੀ ਵਿਵਾਦਿਤ ਫੋਟੋ ਸ਼ੇਅਰ ਕਰਨ ਵਾਲੇ 'ਤੇ ਗ੍ਰਿਫਤਾਰ ਭਾਜਪਾ ਵਰਕਰ ਪ੍ਰਿਯੰਕਾ ਸ਼ਰਮਾ ਨੂੰ ਸੁਪਰੀਮ ਕੋਰਟ ਵਲੋਂ ਜ਼ਮਾਨਤ ਮਿਲ ਗਈ ਹੈ। ਸੁਪਰੀਮ ਕੋਰਟ ਦੀ ਬੈਂਚ ਨੇ ਕੇਸ ਦੀ ਸੁਣਵਾਈ ਦੌਰਾਨ ਭਾਜਪਾ ਵਰਕਰ ਦੇ ਵਕੀਲ ਨੂੰ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਅਤੇ ਨਾਲ ਹੀ ਜ਼ਮਾਨਤ 'ਤੇ ਬਾਹਰ ਆਉਂਦੇ ਹੀ ਤੁਰੰਤ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦਾ ਆਦੇਸ਼ ਦਿੱਤਾ। ਕੋਰਟ ਨੇ ਇਹ ਵੀ ਕਿਹਾ ਕਿ ਇਹ ਕੇਸ ਆਮ ਕੇਸ ਨਾਲੋਂ ਵੱਖ ਹੈ, ਕਿਉਂਕਿ ਪ੍ਰਿਯੰਕਾ ਸ਼ਰਮਾ ਭਾਜਪਾ ਮੈਂਬਰ ਵੀ ਹੈ। ਪ੍ਰਿਯੰਕਾ ਦੇ ਪਰਿਵਾਰ ਨੇ ਕੋਰਟ ਦੇ ਫੈਸਲੇ 'ਤੇ ਖੁਸ਼ੀ ਜ਼ਾਹਰ ਕੀਤੀ ਹੈ। 

ਸੁਪਰੀਮ ਕੋਰਟ ਨੇ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਕਿਹਾ,''ਤੁਸੀਂ ਜੋ ਕੀਤਾ, ਉਹ ਨਹੀਂ ਕਰਨਾ ਚਾਹੀਦਾ ਸੀ। ਤੁਹਾਨੂੰ ਯਕੀਨੀ ਤੌਰ 'ਤੇ ਮਮਤਾ ਬੈਨਰਜੀ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਕੇਸ ਨੂੰ ਵੱਖ ਤਰ੍ਹਾਂ ਨਾਲ ਹੀ ਦੇਖਿਆ ਜਾਵੇਗਾ, ਕਿਉਂਕਿ ਪ੍ਰਿਯੰਕਾ ਸ਼ਰਮਾ ਭਾਜਪਾ ਦੀ ਮੈਂਬਰ ਵੀ ਹੈ।'' ਪਟੀਸ਼ਨਕਰਤਾ ਦੇ ਵਕੀਲ ਵਲੋਂ ਆਜ਼ਾਦੀ ਦਾ ਤਰਕ ਦਿੱਤਾ ਗਿਆ, ਜਿਸ ਦੇ ਜਵਾਬ 'ਚ ਕੋਰਟ ਨੇ ਕਿਹਾ ਕਿ ਇੱਥੇ ਕੇਸ ਨਾਲ ਦੋਵੇਂ ਪੱਖ ਜੁੜੇ ਹੋਏ ਹਨ। ਜ਼ਮਾਨਤ ਦੀ ਮਨਜ਼ੂਰੀ ਅਸੀਂ ਦੇ ਸਕਦੇ ਹਾਂ ਪਰ ਤੁਹਾਨੂੰ ਬਿਨਾਂ ਸ਼ਰਤ ਲਿਖਤੀ 'ਚ ਮੁਆਫ਼ੀ ਮੰਗਣੀ ਹੋਵੇਗੀ।

ਕੋਰਟ ਦੇ ਫੈਸਲੇ 'ਤੇ ਪ੍ਰਿਯੰਕਾ ਸ਼ਰਮਾ ਦੇ ਪਰਿਵਾਰ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਅਸੀਂ ਬੇਟੀ ਦੇ ਘਰ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ। ਪ੍ਰਿਯੰਕਾ ਦੀ ਮਾਂ ਨੇ ਫੈਸਲੇ ਦੀ ਜਾਣਕਾਰੀ ਦੇ ਨਾਲ ਹੀ ਪਰਿਵਾਰ ਦੇ ਲੋਕਾਂ ਨੂੰ ਮਠਿਆਈ ਖੁਆ ਕੇ ਖੁਸ਼ੀ ਜ਼ਾਹਰ ਕੀਤੀ।

ਇਹ ਹੈ ਮਾਮਲਾ 
ਭਾਰਤੀ ਜਨਤਾ ਯੁਵਾ ਮੋਰਚਾ ਦੀ ਵਰਕਰ ਪ੍ਰਿਯੰਕਾ ਸ਼ਰਮਾ ਨੇ ਮਮਤਾ ਬੈਨਰਜੀ ਦੀ ਫੋਟੋਸ਼ਾਪਡ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ 'ਚ ਪ੍ਰਿਯੰਕਾ ਚੋਪੜਾ ਦੇ ਮੇਟ ਗਾਲਾ ਅਵਤਾਰ 'ਚ ਮਮਤਾ ਬੈਨਰਜੀ ਨੂੰ ਦਿਖਾਇਆ ਗਿਆ ਸੀ। ਇਸ ਤਸਵੀਰ ਨੂੰ ਲੈ ਕੇ ਟੀ.ਐੱਮ.ਸੀ. ਵਰਕਰਾਂ ਅਤੇ ਨੇਤਾਵਾਂ ਵਲੋਂ ਬੇਹੱਦ ਤਿੱਖੀ ਪ੍ਰਤੀਕਿਰਿਆ ਆਈ ਸੀ। ਸ਼ਰਮਾ ਨੂੰ ਕੋਲਕਾਤਾ ਪੁਲਸ ਨ ੇਗ੍ਰਿਫਤਾਰ ਵੀ ਕੀਤਾ ਅਤੇ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ ਗਿਆ।


author

DIsha

Content Editor

Related News