''ਮਾਂ, ਮਾਟੀ ਤੇ ਮਾਨੁਸ਼ ਦੀ ਸਰਕਾਰ ਬਣਾ ਰਹੇ ਹਾਂ'', ਐਗਜ਼ਿਟ ਪੋਲ ਮਗਰੋਂ ਮਮਤਾ ਬੈਨਰਜੀ ਦਾ ਪਹਿਲਾ ਬਿਆਨ

Thursday, Apr 30, 2026 - 05:41 PM (IST)

''ਮਾਂ, ਮਾਟੀ ਤੇ ਮਾਨੁਸ਼ ਦੀ ਸਰਕਾਰ ਬਣਾ ਰਹੇ ਹਾਂ'', ਐਗਜ਼ਿਟ ਪੋਲ ਮਗਰੋਂ ਮਮਤਾ ਬੈਨਰਜੀ ਦਾ ਪਹਿਲਾ ਬਿਆਨ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਵੱਡਾ ਦਾਅਵਾ ਕੀਤਾ ਹੈ ਕਿ ਤ੍ਰਿਣਮੂਲ ਕਾਂਗਰਸ (TMC) 226 ਤੋਂ ਵੱਧ ਸੀਟਾਂ ਜਿੱਤ ਕੇ ਮੁੜ ਸੱਤਾ ਵਿੱਚ ਵਾਪਸੀ ਕਰੇਗੀ। ਚੋਣਾਂ ਦੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ।

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤੇ ਵੀਡੀਓ ਵਿੱਚ ਮਮਤਾ ਬੈਨਰਜੀ ਨੇ ਬੰਗਾਲ ਦੀ ਜਨਤਾ ਦਾ ਅਭਾਰ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਤੇਜ਼ ਗਰਮੀ ਅਤੇ ਕਥਿਤ ਅੱਤਿਆਚਾਰ ਦੇ ਬਾਵਜੂਦ ਲੋਕਾਂ ਨੇ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹੋ ਕੇ ਲੋਕਤੰਤਰ ਵਿੱਚ ਆਪਣਾ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦੇ ਉਨ੍ਹਾਂ ਵਰਕਰਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਮੁਸ਼ਕਲ ਹਾਲਾਤ ਵਿੱਚ ਸੰਘਰਸ਼ ਕੀਤਾ।

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਚੋਣਾਂ ਦੌਰਾਨ ਪੂਰੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਬੰਗਾਲ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਅਨੁਸਾਰ, ਕਈ ਰਾਜਾਂ ਦੇ ਨੇਤਾਵਾਂ ਨੇ ਮਿਲ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਜਨਤਾ ਨੇ ਵੋਟ ਰਾਹੀਂ ਇਨ੍ਹਾਂ ਸਾਜ਼ਿਸ਼ਾਂ ਦਾ ਕਰਾਰਾ ਜਵਾਬ ਦਿੱਤਾ ਹੈ।

ਮਮਤਾ ਬੈਨਰਜੀ ਨੇ ਆਪਣੇ ਉਮੀਦਵਾਰਾਂ ਅਤੇ ਵਰਕਰਾਂ ਨੂੰ 4 ਮਈ ਤੱਕ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ EVM ਮਸ਼ੀਨਾਂ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਕਾਊਂਟਿੰਗ ਸੈਂਟਰਾਂ 'ਤੇ ਦਿਨ-ਰਾਤ ਨਿਗਰਾਨੀ ਰੱਖੀ ਜਾਵੇ ਅਤੇ ਮਸ਼ੀਨਾਂ ਨੂੰ ਸਟੋਰ ਰੂਮ ਤੋਂ ਕਾਊਂਟਿੰਗ ਹਾਲ ਤੱਕ ਲਿਆਉਣ ਸਮੇਂ ਖਾਸ ਧਿਆਨ ਦਿੱਤਾ ਜਾਵੇ।

ਮਮਤਾ ਬੈਨਰਜੀ ਨੇ ਭਰੋਸਾ ਜਤਾਇਆ ਕਿ ਬੰਗਾਲ ਵਿੱਚ ਅਗਲੀ ਸਰਕਾਰ ਵੀ ਉਨ੍ਹਾਂ ਦੇ ਮੂਲ ਸਿਧਾਂਤ 'ਮਾਂ, ਮਾਟੀ ਅਤੇ ਮਾਨੁਸ਼' 'ਤੇ ਹੀ ਬਣੇਗੀ। ਉਨ੍ਹਾਂ ਆਪਣੇ ਸਮਰਥਕਾਂ ਨੂੰ ਸੰਜਮ ਬਣਾਈ ਰੱਖਣ ਅਤੇ ਕਿਸੇ ਵੀ ਉਕਸਾਵੇ ਵਿੱਚ ਨਾ ਆਉਣ ਦੀ ਸਲਾਹ ਦਿੱਤੀ ਹੈ।


author

Rakesh

Content Editor

Related News