ਮਮਤਾ ਨੇ ਕਿਹਾ, ਜੁਮਲਾ ਪਾਰਟੀ ਨੇ ਗੰਦਾ ਧਰਮ ਬਣਾਇਆ, ਭਾਜਪਾ ਵੱਲੋਂ ਜਵਾਬੀ ਹਮਲਾ
Monday, Mar 31, 2025 - 10:24 PM (IST)

ਕੋਲਕਾਤਾ- ਈਦ ਮੌਕੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ’ਤੇ ਗੰਭੀਰ ਦੋਸ਼ ਲਗਾਏ ਹਨ। ਹੁਣ ਭਾਜਪਾ ਇਸ ਮੁੱਦੇ ’ਤੇ ਜਵਾਬੀ ਹਮਲਾ ਕਰ ਰਹੀ ਹੈ। ਦਰਅਸਲ, ਮਮਤਾ ਬੈਨਰਜੀ ਨੇ ਇਕ ਸਮਾਗਮ ਵਿਚ ਕਿਹਾ ਸੀ ਕਿ ਮੈਂ ਬਹੁਤ ਸਾਰੀਆਂ ਇਫ਼ਤਾਰਾਂ ਵਿਚ ਜਾਂਦੀ ਹਾਂ। ਅਸੀਂ ਸਾਰੇ ਧਰਮਾਂ ਅਤੇ ਤਿਉਹਾਰਾਂ ਨੂੰ ਮਨਾਉਂਦੇ ਹਾਂ। ਲੈਫਟ ਅਤੇ ਭਾਜਪਾ ਨੇ ਮੈਨੂੰ ਪੁੱਛਿਆ, ਕੀ ਤੂੰ ਹਿੰਦੂ ਹੈਂ? ਤਾਂ ਮੈਂ ਕਿਹਾ ਕਿ ਮੈਂ ਹਿੰਦੂ, ਮੁਸਲਮਾਨ, ਈਸਾਈ ਤੇ ਭਾਰਤੀ ਹਾਂ। ਅਸੀਂ ਕੋਈ ਦੰਗਾ ਨਹੀਂ ਚਾਹੁੰਦੇ ਹਾਂ। ਉਹ ਕਹਿੰਦੇ ਹਨ ਕਿ ਫਿਰਕੂ ਦੰਗੇ ਹੋ ਰਹੇ ਹਨ, ਬੰਗਾਲ ਵਿਚ ਰਾਸ਼ਟਰਪਤੀ ਰਾਜ ਲਗਾਓ, ਮੈਂ ਕਹਿੰਦੀ ਹਾਂ ਕਿ ਤੁਸੀਂ ਯੂ. ਪੀ. ਅਤੇ ਮਣੀਪੁਰ ਵਿਚ ਕੀ ਕੀਤਾ?
ਮਮਤਾ ਬੈਨਰਜੀ ਨੇ ਅੱਗੇ ਕਿਹਾ ਕਿ ਜਦੋਂ ਭਾਰਤੀ ਫੌਜ ਲੜਦੀ ਹੈ ਤਾਂ ਉਨ੍ਹਾਂ ਦੀ ਇਕ ਹੀ ਪਛਾਣ ਹੁੰਦੀ ਹੈ-ਭਾਰਤੀ। ਹਿੰਦੂ ਜਾਂ ਮੁਸਲਮਾਨ ਨਹੀਂ ਹੁੰਦੀ। ਮੈਂ ਰਾਮ ਕ੍ਰਿਸ਼ਨ ਅਤੇ ਸਵਾਮੀ ਵਿਵੇਕਾਨੰਦ ਦੇ ਧਰਮ ਤੋਂ ਹਾਂ, ਨਾ ਕਿ ਉਸ ਧਰਮ ਤੋਂ ਜਿਸਨੂੰ ਇਸ ਜੁਮਲਾ ਪਾਰਟੀ ਨੇ ਬਣਾਇਆ ਹੈ। ਜੁਮਲਾ ਪਾਰਟੀ ਨੇ ਗੰਦਾ ਧਰਮ ਬਣਾਇਆ ਹੈ, ਅਸੀਂ ਇਸਨੂੰ ਨਹੀਂ ਮੰਨਦੇ। ਕੁਝ ਸਿਆਸੀ ਆਗੂ ਹਨ ਜੋ ਇਨ੍ਹਾਂ ਸਾਰਿਆਂ ਦਾ ਵਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਮੈਂ ਉਨ੍ਹਾਂ ਦਾ ਵਪਾਰ ਬੰਦ ਕਰ ਦੇਵਾਂਗੀ। ਮੈਂ ਸਾਰਿਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿਣ ਦੀ ਅਪੀਲ ਕਰਦੀ ਹਾਂ। ਅਸੀਂ ਕਿਸੇ ਨੂੰ ਦੰਗੇ ਭੜਕਾਉਣ ਨਹੀਂ ਦੇਵਾਂਗੇ।