ਪ੍ਰਧਾਨ ਮੰਤਰੀ ਕੀ ‘ਭਗਵਾਨ’ ਹਨ ਜੋ ਨਤੀਜਿਆਂ ਦੀ ਭਵਿੱਖਬਾਣੀ ਕਰ ਰਹੇ ਹਨ: ਮਮਤਾ ਬੈਨਰਜੀ
Sunday, Apr 04, 2021 - 05:19 PM (IST)
ਪੱਛਮੀ ਬੰਗਾਲ (ਭਾਸ਼ਾ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਮਮਤਾ ਨੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਭਗਵਾਨ ਜਾਂ ਮਹਾਮਾਨਵ’ ਹਨ, ਜੋ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ, ਜਦਕਿ ਅਜੇ 6 ਪੜਾਵਾਂ ਦੀਆਂ ਚੋਣਾਂ ਹੋਣੀਆਂ ਬਾਕੀਆਂ ਹਨ।
ਹੁਗਲੀ ਜ਼ਿਲ੍ਹੇ ਵਿਚ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਦਿਆਂ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਵਿੰਨਿ੍ਹਆ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਇਕ ਚੋਣਾਵੀ ਸਭਾ ’ਚ ਕਿਹਾ ਸੀ ਕਿ ਉਹ ਪੱਛਮੀ ਬੰਗਾਲ ਵਿਚ ਭਾਜਪਾ ਸਰਕਾਰ ਦੇ ਹੋਣ ਵਾਲੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਣਗੇ ਅਤੇ ਉਸ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਲਾਗੂ ਕਰਨ ਲਈ ਕਹਿਣਗੇ।
ਇਸ ਬਿਆਨ ਦੇ ਸੰਦਰਭ ’ਚ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੁਸੀਂ ਖ਼ੁਦ ਨੂੰ ਕੀ ਸਮਝਦੇ ਹੋ, ਕੀ ਤੁਸੀਂ ਭਗਵਾਨ ਜਾਂ ਮਹਾਮਾਨਵ ਹੋ? ਮਮਤਾ ਨੇ ਦੋਸ਼ ਲਾਇਆ ਕਿ ਮੋਦੀ ਦੀ ਬੰਗਲਾਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ਼ੇਖ ਮੁਜੀਬੁਰ ਰਹਿਮਾਨ ਦੀ ਸ਼ਤਾਬਦੀ ਜਯੰਤੀ ਮੌਕੇ ’ਤੇ ਕੀਤੀ ਗਈ ਗੁਆਂਢੀ ਦੇਸ਼ ਦੀ ਯਾਤਰਾ ਤੋਂ ਉੱਥੇ ਦੰਗੇ ਭੜਕੇ।