ਮਮਤਾ ਦੇ ਮੰਤਰੀ ਨੇ ਕਿਹਾ- ਗੈਰ-ਮੁਸਲਮਾਨਾਂ ਵਿਚਾਲੇ ਹੋਵੇ ਇਸਲਾਮ ਦਾ ਪ੍ਰਸਾਰ
Thursday, Aug 01, 2024 - 05:17 PM (IST)
ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕਾਂ ਨੇ ਇਕ ਤਾਜ਼ਾ ਸਮਾਗਮ ਵਿਚ ਸੀਨੀਅਰ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਫਿਰਹਾਦ ਹਕੀਮ ਦੀ ਟਿੱਪਣੀ ਦੇ ਵਿਰੋਧ ਵਿਚ ਬੁੱਧਵਾਰ ਨੂੰ ਵਾਕਆਊਟ ਕੀਤਾ। ਭਾਜਪਾ ਵਿਧਾਇਕਾਂ ਨੇ ਹਕੀਮ ਦੀ ਇਸ ਟਿੱਪਣੀ ਦਾ ਵਿਰੋਧ ਕੀਤਾ ਕਿ ਗੈਰ-ਮੁਸਲਮਾਨਾਂ ਵਿਚ ਇਸਲਾਮ ਦਾ ਪ੍ਰਸਾਰ ਕਰਨ ਦੀ ਲੋੜ ਹੈ। ਭਾਜਪਾ ਵਿਧਾਇਕਾਂ ਨੇ 3 ਵਾਰ ਵਾਕਆਊਟ ਕੀਤਾ।
ਸ਼ਹਿਰੀ ਵਿਕਾਸ ਮੰਤਰੀ ਹਕੀਮ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਦਾ ਰਾਜਨੀਤੀ ਅਤੇ ਸਮਾਜ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਧਰਮ ਨਿਰਪੱਖ ਬਣੇ ਰਹਿਣਗੇ। ਚੀਫ ਵ੍ਹਿਪ ਸ਼ੰਕਰ ਘੋਸ਼ ਦੀ ਅਗਵਾਈ ਵਿਚ ਭਾਜਪਾ ਵਿਧਾਇਕਾਂ ਨੇ ਮੰਗ ਕੀਤੀ ਕਿ ਹਕੀਮ ਆਪਣੀ ਟਿੱਪਣੀ ਵਾਪਸ ਲੈਣ। ਹਕੀਮ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਧਰਮ ਨਿਰਪੱਖ ਵਿਅਕਤੀ ਰਿਹਾ ਹਾਂ।
ਧਾਰਮਿਕ ਪ੍ਰੋਗਰਾਮ ਵਿਚ ਜੋ ਵੀ ਟਿੱਪਣੀਆਂ ਕੀਤੀਆਂ, ਉਨ੍ਹਾਂ ਦਾ ਰਾਜਨੀਤੀ ਅਤੇ ਸਮਾਜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਆਪਣੇ ਆਖ਼ਰੀ ਸਾਹ ਤੱਕ ਧਰਮ ਨਿਰਪੱਖ ਅਤੇ ਗੈਰ-ਸੰਪਰਦਾਇਕ ਬਣਿਆ ਰਹਾਂਗਾ।
ਕੋਲਕਾਤਾ ਦੇ ਮੇਅਰ ਹਕੀਮ ਦੇ ਭਾਸ਼ਣ ਦੌਰਾਨ ਭਾਜਪਾ ਵਿਧਾਇਕਾਂ ਨੇ 3 ਵਾਰ ਸਦਨ ’ਚੋਂ ਵਾਕਆਊਟ ਕੀਤਾ। ਇਸ ਨੂੰ ‘ਗੈਰ-ਸੰਵਿਧਾਨਕ’ ਅਤੇ ‘ਵਿਲੱਖਣ’ ਕਰਾਰ ਦਿੰਦਿਆਂ ਸਪੀਕਰ ਬਿਮਾਨ ਬੰਦੋਪਾਧਿਆਏ ਨੇ ਭਾਜਪਾ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਮਰਯਾਦਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ।