ਮਾਲਿਆ 18 ਦਸੰਬਰ ਤਕ ਪੇਸ਼ ਨਾ ਹੋਇਆ ਤਾਂ ਐਲਾਨਿਆ ਜਾਵੇਗਾ ਅਪਰਾਧੀ
Thursday, Nov 09, 2017 - 12:09 AM (IST)

ਨਵੀਂ ਦਿੱਲੀ(ਏਜੰਸੀਆਂ)—ਫਾਰੇਨ ਐਕਸਚੇਂਜ ਰੈਗੂਲੇਸ਼ਨ ਐਕਟ (ਫੇਰਾ) ਵਾਇਲੇਸ਼ਨ ਕੇਸ ਵਿਚ ਦਿੱਲੀ ਦੀ ਇਕ ਅਦਾਲਤ ਨੇ ਵਿਜੇ ਮਾਲਿਆ ਨੂੰ ਐਲਾਨਿਆ ਅਪਰਾਧੀ ਕਰਾਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮਾਲਿਆ ਨੂੰ 18 ਦਸੰਬਰ ਤਕ ਅਦਾਲਤ ਵਿਚ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਗਿਆ ਹੈ। ਜੇਕਰ ਉਹ ਇਸ ਤਰੀਕ 'ਤੇ ਪੇਸ਼ ਨਹੀਂ ਹੁੰਦਾ ਤਾਂ ਅਦਾਲਤ ਉਸ ਨੂੰ ਅਪਰਾਧੀ ਐਲਾਨ ਦੇਵੇਗੀ।
ਚੀਫ ਮੈਟਰੋ ਪਾਲਿਟਨ ਮੈਜਿਸਟ੍ਰੇਟ ਦੀਪਕ ਸ਼ੇਰਾਵਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਇਸ ਮਾਮਲੇ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਦੱਸ ਦਈਏ ਕਿ 31 ਜਨਵਰੀ 2014 ਤਕ ਮਾਲਿਆ ਦੀ ਕਿੰਗਫਿਸ਼ਰ ਏਅਰ ਲਾਈਨਜ਼ 'ਤੇ ਬੈਂਕਾਂ ਦਾ 6963 ਕਰੋੜ ਰੁਪਏ ਬਕਾਇਆ ਸੀ। ਵਿਆਜ ਸ਼ਾਮਲ ਕਰਨ ਮਗਰੋਂ ਵਿਜੇ ਮਾਲਿਆ ਦੀ ਕੁਲ ਦੇਣਦਾਰੀ 9432 ਕਰੋੜ ਰੁਪਏ ਹੋ ਚੁੱਕੀ ਹੈ। ਅਦਾਲਤ ਨੇ ਇਹ ਹੁਕਮ ਉਦੋਂ ਦਿੱਤਾ ਜਦੋਂ ਵਿਸ਼ੇਸ਼ ਇਸਤਗਾਸਾ ਨੇ ਇਸ ਸਬੰਧੀ ਬੇਨਤੀ ਕੀਤੀ।