ਖੜਗੇ ਦਾ ਸ਼ਾਂਤ ਪਾਵਰ-ਪਲੇਅ

Wednesday, Aug 12, 2026 - 11:01 AM (IST)

ਖੜਗੇ ਦਾ ਸ਼ਾਂਤ ਪਾਵਰ-ਪਲੇਅ

ਮਲਿਕਾਰਜੁਨ ਖੜਗੇ ਦੇ ਸ਼ਾਂਤ ਵਤੀਰੇ ਨੂੰ ਸਿਆਸੀ ਕਮਜ਼ੋਰੀ ਨਾ ਸਮਝੋ। ਕਾਂਗਰਸ ਪ੍ਰਧਾਨ ਹਰ ਰੋਜ਼ ਸੁਰਖੀਆਂ ’ਚ ਨਹੀਂ ਹੁੰਦੇ, ਪਰ ਅੰਦਰੂਨੀ ਲੋਕਾਂ ਦਾ ਕਹਿਣਾ ਹੈ ਕਿ ਉਹ ਹੀ ਪਾਰਟੀ ’ਚ ਫੈਸਲਾ ਲੈਣ ਵਾਲੇ ਹਨ। ਹਰ ਦੋ ਸਾਲਾਂ ਬਾਅਦ ਹੋਣ ਵਾਲੀਆਂ ਰਾਜ ਸਭਾ ਦੀਆਂ ਚੋਣਾਂ ਕੁਝ ਦਿਨ ਪਹਿਲਾਂ ਹੋਈਆਂ ਸਨ। ਇਨ੍ਹਾਂ ਚੋਣਾਂ ਨੇ ਇਕ ਸਭ ਤੋਂ ਵੱਡਾ ਸੰਕੇਤ ਦਿੱਤਾ। ਕਾਂਗਰਸ ਦੇ 6 ਉਮੀਦਵਾਰਾਂ ’ਚੋਂ ਖੜਗੇ ਨੇ ਆਪਣੇ ਕੈਂਪ ਲਈ 2 ਸੀਟਾਂ ਹਾਸਲ ਕੀਤੀਆਂ।

ਇਕ ਸੀਟ ਉਨ੍ਹਾਂ ਦੇ ਭਰੋਸੇਮੰਦ ਸਿਆਸੀ ਸਲਾਹਕਾਰ ਤੇ ਮੀਡੀਆ ਰਣਨੀਤੀਕਾਰ ਪ੍ਰਣਬ ਝਾਅ ਨੂੰ ਮਿਲੀ। ਦੂਜੀ ਸੀਟ ਉਨ੍ਹਾਂ ਦੇ ਵਫ਼ਾਦਾਰ ਮਨਸੂਰ ਅਲੀ ਖਾਨ ਲਈ ਰਾਖਵੀਂ ਸੀ, ਜੋ ਉਨ੍ਹਾਂ ਦੇ ਗ੍ਰਹਿ ਸੂਬੇ ਕਰਨਾਟਕ ਤੋਂ ਹਨ। ਇਕ ਅਜਿਹੀ ਪਾਰਟੀ ਜਿੱਥੇ ਰਾਜ ਸਭਾ ਦੀ ਹਰ ਨਾਮਜ਼ਦਗੀ ਲਈ ਤਿੱਖੀ ਲਾਬਿੰਗ ਦੀ ਲੋੜ ਹੁੰਦੀ ਹੈ, 2 ਟਿਕਟਾਂ ਹਾਸਲ ਕਰਨੀਆਂ ਕੋਈ ਛੋਟੀ ਪ੍ਰਾਪਤੀ ਨਹੀਂ ਹੈ।

ਕਰਨਾਟਕ ’ਚ ਵੀ ਖੜਗੇ ਦਾ ਪ੍ਰਭਾਵ ਉਨਾ ਹੀ ਨਜ਼ਰ ਆਇਆ। ਕੈਬਨਿਟ ਦੇ ਫੇਰਬਦਲ ਦੌਰਾਨ ਉਨ੍ਹਾਂ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦੇ ਪੁੱਤਰ ਪ੍ਰਿਯਾਂਕ ਖੜਗੇ ਨੂੰ ਸੂਬਾ ਸਰਕਾਰ ’ਚ ਸਭ ਤੋਂ ਸ਼ਕਤੀਸ਼ਾਲੀ ਅਹੁਦਿਆਂ ’ਚੋਂ ਇਕ ਗ੍ਰਹਿ ਵਿਭਾਗ ਮਿਲੇ। ਸੁਨੇਹਾ ਸਪੱਸ਼ਟ ਸੀ। ਜਦੋਂ ਕਰਨਾਟਕ ਕਾਂਗਰਸ ਅਹਿਮ ਫੈਸਲੇ ਲੈਂਦੀ ਹੈ ਤਾਂ ਖੜਗੇ ਦੀ ਆਵਾਜ਼ ਅਜੇ ਵੀ ਬਹੁਤ ਅਹਿਮੀਅਤ ਰੱਖਦੀ ਹੈ।

ਪਰਿਵਾਰ ਦਾ ਸਿਆਸੀ ਪ੍ਰਭਾਵ ਇੱਥੇ ਹੀ ਖਤਮ ਨਹੀਂ ਹੁੰਦਾ। ਖੜਗੇ ਖੁਦ ਕਾਂਗਰਸ ’ਚ 2 ਸਭ ਤੋਂ ਸ਼ਕਤੀਸ਼ਾਲੀ ਅਹੁਦਿਆਂ ’ਤੇ ਕਾਬਜ਼ ਹਨ । ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ। ਉਨ੍ਹਾਂ ਦੇ ਜਵਾਈ, ਰਾਧਾਕ੍ਰਿਸ਼ਨ ਦੋਦਾਮਣੀ ਗੁਲਬਰਗਾ ਤੋਂ ਲੋਕ ਸਭਾ ਦੇ ਮੈਂਬਰ ਹਨ, ਜੋ ਕੌਮੀ ਸਿਆਸਤ ’ਚ ਪਰਿਵਾਰ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ​​ਕਰਦੇ ਹਨ।

ਜੋ ਅਜੇ ਵੀ ਕਹਿੰਦੇ ਹਨ ਕਿ ਖੜਗੇ ਸਿਰਫ ਨਾਂ ਦੇ ਨੇਤਾ ਹਨ ਤੇ ਦੂਜੇ ਲੋਕ ਡੋਰ ਖਿਚਦੇ ਹਨ, ਉਨ੍ਹਾਂ ਲਈ ਤਾਜ਼ਾ ਘਟਨਾਵਾਂ ਇੱਕ ਵੱਖਰੀ ਕਹਾਣੀ ਦੱਸਦੀਆਂ ਹਨ। ਬਜ਼ੁਰਗ ਨੇਤਾ ਭਾਵੇਂ ਨਰਮੀ ਨਾਲ ਬੋਲ ਸਕਦੇ ਹਨ, ਪਰ ਜਦੋਂ ਸੌਦੇਬਾਜ਼ੀ ਸ਼ੁਰੂ ਹੁੰਦੀ ਹੈ ਤੇ ਸਿਆਸੀ ਹਿੱਤ ਵੰਡੇ ਜਾਂਦੇ ਹਨ ਤਾਂ ਅਜਿਹਾ ਲਗਦਾ ਹੈ ਕਿ ਉਨ੍ਹਾਂ ਕੋਲ ਆਖਰੀ ਗੱਲ ਹੈ। ਕਾਂਗਰਸ ਦੇ ਹਲਕਿਆਂ ’ਚ ਖੜਗੇ ਸਾਬਤ ਕਰ ਰਹੇ ਹਨ ਕਿ ਉਹ ਸਿਰਫ਼ ਸੀਟ ਨੂੰ ਗਰਮ ਨਹੀਂ ਰੱਖ ਰਹੇ ਸਗੋਂ ਉਨ੍ਹਾਂ ਦਾ ਉਸ ’ਤੇ ਪੂਰਾ ਕੰਟਰੋਲ ਵੀ ਹੈ।


author

Harpreet SIngh

Content Editor

Related News