‘ਮੇਕ ਇਨ ਇੰਡੀਆ’ ਬਣ ਗਿਆ ਹੈ ‘ਫੇਕ ਇਨ ਇੰਡੀਆ’ : ਜੈਰਾਮ ਰਮੇਸ਼
Tuesday, Oct 15, 2024 - 10:42 AM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਦੋਸ਼ ਲਾਇਆ ਹੈ ਕਿ ‘ਮੇਕ ਇਨ ਇੰਡੀਆ’ ਨੂੰ ਸ਼ੁਰੂ ਕਰਨ ਸਮੇਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਦੇ ਜੋ ਮੰਤਵ ਦੱਸੇ ਸਨ, ਉਹ ‘ਜੁਮਲਾ’ ਸਾਬਿਤ ਹੋਏ ਹਨ ਅਤੇ ‘ਮੇਕ ਇਨ ਇੰਡੀਆ’ ਹੁਣ ‘ਫੇਕ ਇਨ ਇੰਡੀਆ’ ਬਣ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ ਮੁਖੀ) ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸੋਮਵਾਰ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸਾਡੇ ਦੇਸ਼ ਦੀ ਆਰਥਿਕ ਨੀਤੀ ਦਾ ਨਿਰਧਾਰਨ ਸਥਿਰ, ਭਵਿੱਖਬਾਣੀ ਕਰਨ ਯੋਗ ਅਤੇ ਸਮਝਦਾਰ ਨਹੀਂ ਰਿਹਾ। ਉਦਾਹਰਣ ਲਈ ਨੋਟਬੰਦੀ ਸਭ ਦੇ ਸਾਹਮਣੇ ਹੈ।
ਰਮੇਸ਼ ਨੇ ਕਿਹਾ ਕਿ ਜਦੋਂ ਮੋਦੀ ਸਰਕਾਰ ਨੇ 2014 ’ਚ ਬਹੁਤ ਧੂਮਧਾਮ ਨਾਲ ‘ਮੇਕ ਇਨ ਇੰਡੀਆ’ ਦਾ ਐਲਾਨ ਕੀਤਾ ਸੀ ਤਾਂ ਪ੍ਰਧਾਨ ਮੰਤਰੀ ਨੇ 4 ਮੰਤਵ ਰੱਖੇ ਸਨ। 10 ਸਾਲਾਂ ਬਾਅਦ ਉਨ੍ਹਾਂ ਦੀ ਅਸਲ ਸਥਿਤੀ ਕੀ ਹੈ? ਪਹਿਲਾ ਜੁਮਲਾ : ਭਾਰਤੀ ਉਦਯੋਗ ਦੀ ਵਿਕਾਸ ਦਰ ਨੂੰ 12-14 ਫੀਸਦੀ ਪ੍ਰਤੀ ਸਾਲ ਦੀ ਦਰ ਨਾਲ ਵਧਾਇਆ ਜਾਏਗਾ। ਅਸਲੀਅਤ : 2014 ਤੋਂ ਨਿਰਮਾਣ ਖੇਤਰ ਦੀ ਸਾਲਾਨਾ ਵਿਕਾਸ ਦਰ ਔਸਤ 5.2 ਫੀਸਦੀ ਰਹੀ ਹੈ। ਦੂਜਾ ਜੁਮਲਾ : 2022 ਤੱਕ ਉਦਯੋਗਿਕ ਖੇਤਰ ’ਚ 10 ਕਰੋੜ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਅਸਲੀਅਤ : ਨਿਰਮਾਣ ਖੇਤਰ ’ਚ ਕਾਮਿਆਂ ਦੀ ਗਿਣਤੀ 2017 ’ਚ 5.13 ਕਰੋੜ ਸੀ, ਜੋ 2022-23 ’ਚ ਘਟ ਕੇ 3.56 ਕਰੋੜ ਰਹਿ ਗਈ। ਤੀਜਾ ਜੁਮਲਾ : 2022 ਤੱਕ ਤੇ ਫਿਰ 2025 ਤੱਕ ਜੀ. ਡੀ. ਪੀ. ’ਚ ਉਸਾਰੀ ਖੇਤਰ ਦਾ ਹਿੱਸਾ ਵਧਾ ਕੇ 25 ਫੀਸਦੀ ਕੀਤਾ ਜਾਵੇਗਾ। ਅਸਲੀਅਤ : 2011-12 ’ਚ ਭਾਰਤ ਦੀ ਕੁੱਲ ਲਾਗਤ ’ਚ ਨਿਰਮਾਣ ਦਾ ਹਿੱਸਾ 18.1 ਫੀਸਦੀ ਸੀ ਜੋ 2022-23 ’ਚ ਘਟ ਕੇ 14.3 ਫੀਸਦੀ ’ਤੇ ਆ ਗਿਆ ਹੈ। 'ਚੌਥਾ ਜੁਮਲਾ : ਮੁੱਲ ਲੜੀ ’ਚ ਉੱਪਰ ਉੱਠ ਕੇ ਚੀਨ ਦੀ ਥਾਂ ਲੈ ਕੇ ਭਾਰਤ ਨੂੰ ‘ਦੁਨੀਆ ਦੀ ਨਵੀਂ ਫੈਕਟਰੀ’ ਬਣਾਵਾਂਗੇ। ਅਸਲੀਅਤ : ਚੀਨ ਦੀ ਥਾਂ ਲੈਣਾ ਤਾਂ ਬਹੁਤ ਦੂਰ, ਅਸੀਂ ਆਰਥਿਕ ਪੱਖੋਂ ਉਸ ’ਤੇ ਨਿਰਭਰ ਹੋ ਗਏ ਹਾਂ। ਚੀਨ ਤੋਂ ਦਰਾਮਦ ਦਾ ਹਿੱਸਾ 2014 ’ਚ 11 ਫੀਸਦੀ ਸੀ, ਜੋ ਪਿਛਲੇ ਕੁਝ ਸਾਲਾਂ ’ਚ ਵਧ ਕੇ 15 ਫੀਸਦੀ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8