ਇੰਡੀਆ ਗੇਟ ’ਤੇ ਨਕਸਲੀ ਹਿਡਮਾ ਦੇ ਸਮਰਥਨ ’ਚ ਲਾਏ ਨਾਅਰੇ, 22 ਗ੍ਰਿਫਤਾਰ
Tuesday, Nov 25, 2025 - 12:35 AM (IST)
ਨਵੀਂ ਦਿੱਲੀ – ਦਿੱਲੀ ਪੁਲਸ ਨੇ ਸੋਮਵਾਰ ਨੂੰ ਇੰਡੀਆ ਗੇਟ ’ਤੇ ਵਿਖਾਵੇ ਦੌਰਾਨ ਪੁਲਸ ਮੁਲਾਜ਼ਮਾਂ ’ਤੇ ਕਥਿਤ ਤੌਰ ’ਤੇ ‘ਮਿਰਚ ਸਪ੍ਰੇਅ’ ਨਾਲ ਹਮਲਾ ਕਰਨ ਅਤੇ ਨਕਸਲੀ ਹਿਡਮਾ ਦਾ ਸਮਰਥਨ ਕਰਨ ਦੇ ਮਾਮਲੇ ’ਚ 22 ਵਿਖਾਵਾਕਾਰੀਆਂ ਨੂੰ ਗ੍ਰਿਫਤਾਰ ਕੀਤਾ। ਇਹ ਵਿਖਾਵਾ ਸ਼ੁਰੂ ’ਚ ਰਾਜਧਾਨੀ ਵਿਚ ਖਰਾਬ ਹਵਾ ਗੁਣਵੱਤਾ ਨੂੰ ਲੈ ਕੇ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਭੀੜ ਦੇ ਇਕ ਹਿੱਸੇ ਨੇ ਕਥਿਤ ਤੌਰ ’ਤੇ ਮਾਰੇ ਗਏ ਨਕਸਲੀ ਹਿਡਮਾ ਦੇ ਸਮਰਥਨ ’ਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਇਕ ਪੁਲਸ ਅਧਿਕਾਰੀ ਨੇ ਕਿਹਾ,‘‘ਇਹ ਵਿਰੋਧ ਸ਼ੁਰੂ ’ਚ ਰਾਜਧਾਨੀ ਵਿਚ ਪ੍ਰਦੂਸ਼ਣ ਦੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਹੋਇਆ ਸੀ ਪਰ ਵਿਖਾਵਾਕਾਰੀਆਂ ਵਿਚ ਸ਼ਾਮਲ ਕੁਝ ਲੋਕ ਮਾਰੇ ਗਏ ਨਕਸਲੀ ਹਿਡਮਾ ਦੇ ਸਮਰਥਨ ’ਚ ਪੋਸਟਰ ਵੀ ਵਿਖਾ ਰਹੇ ਸਨ। ਸਥਿਤੀ ਉਸ ਵੇਲੇ ਹੋਰ ਵਿਗੜ ਗਈ ਜਦੋਂ ਉਨ੍ਹਾਂ ਇੰਡੀਆ ਗੇਟ ਸਰਕਲ ’ਤੇ ਸੜਕ ਜਾਮ ਕਰ ਦਿੱਤੀ।’’ ਦਿੱਲੀ ਪੁਲਸ ਨੇ ਇਸ ਮਾਮਲੇ ’ਚ ਪਾਰਲੀਮੈਂਟ ਸਟ੍ਰੀਟ ਤੇ ਕਰਤੱਵਿਆ ਪੱਥ ਥਾਣਿਆਂ ਵਿਚ 2 ਐੱਫ. ਆਈ. ਆਰ. ਦਰਜ ਕੀਤੀਆਂ ਹਨ।
