1962 ਤੇ 1971 ਦੀਆਂ ਜੰਗਾਂ ''ਚ ਦਲੇਰੀ ਨਾਲ ਲੜਨ ਵਾਲੇ ਮੇਜਰ ਸੁਭਾਸ਼ ਗਾਵੰਡ ਦਾ ਹੋਇਆ ਦਿਹਾਂਤ

Thursday, May 07, 2026 - 05:21 PM (IST)

1962 ਤੇ 1971 ਦੀਆਂ ਜੰਗਾਂ ''ਚ ਦਲੇਰੀ ਨਾਲ ਲੜਨ ਵਾਲੇ ਮੇਜਰ ਸੁਭਾਸ਼ ਗਾਵੰਡ ਦਾ ਹੋਇਆ ਦਿਹਾਂਤ

ਨੈਸ਼ਨਲ ਡੈਸਕ- ਭਾਰਤ ਦੀਆਂ 2 ਅਹਿਮ ਇਤਿਹਾਸਕ ਜੰਗਾਂ (1962 ਤੇ 1971) 'ਚ ਬਹਾਦਰੀ ਦਿਖਾਉਣ ਵਾਲੇ ਸੇਵਾਮੁਕਤ ਮੇਜਰ ਸੁਭਾਸ਼ ਗਾਵੰਡ ਦਾ ਵੀਰਵਾਰ ਨੂੰ ਮਹਾਰਾਸ਼ਟਰ ਦੇ ਥਾਣੇ ਵਿੱਚ ਦਿਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਵਧਦੀ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ।

ਮੇਜਰ ਸੁਭਾਸ਼ ਗਾਵੰਡ 1960 ਵਿੱਚ ਭਾਰਤੀ ਫੌਜ ਦੀ 'ਮਹਾਰ ਰੈਜੀਮੈਂਟ' ਦੀ 8ਵੀਂ ਬਟਾਲੀਅਨ ਵਿੱਚ ਸੈਕਿੰਡ ਲੈਫਟੀਨੈਂਟ ਵਜੋਂ ਭਰਤੀ ਹੋਏ ਸਨ। ਆਪਣੇ 22 ਸਾਲਾਂ ਦੇ ਫੌਜੀ ਕਰੀਅਰ ਦੌਰਾਨ ਉਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ਵਿੱਚ ਹਿੱਸਾ ਲਿਆ ਤੇ 1971 ਦੀ ਭਾਰਤ-ਪਾਕਿਸਤਾਨ ਜੰਗ 'ਚ ਵੀ ਦੇਸ਼ ਲਈ ਅਹਿਮ ਲੜਾਈ ਲੜੀ, ਜਿਸ ਦੇ ਨਤੀਜੇ ਵਜੋਂ ਬੰਗਲਾਦੇਸ਼ ਹੋਂਦ ਵਿੱਚ ਆਇਆ ਸੀ।

ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਦੇਸ਼ ਸੇਵਾ ਦਾ ਜਜ਼ਬਾ ਨਹੀਂ ਛੱਡਿਆ। ਉਨ੍ਹਾਂ ਦੀ ਬੇਟੀ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਜੀਵਨ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਅਨੁਸ਼ਾਸਨ ਪੈਦਾ ਕਰਨ ਲਈ ਸਮਰਪਿਤ ਸੀ। ਉਨ੍ਹਾਂ ਨੇ 'ਜਿਗਿਆਸਾ ਸੰਡੇ ਮਿਲਟਰੀ ਸਕੂਲ' ਦੀ ਸਥਾਪਨਾ ਕੀਤੀ ਸੀ, ਜਿਸ ਰਾਹੀਂ ਉਹ ਨੌਜਵਾਨ ਮੁੰਡੇ-ਕੁੜੀਆਂ ਨੂੰ ਰੱਖਿਆ ਬਲਾਂ ਵਿੱਚ ਭਰਤੀ ਹੋਣ ਲਈ ਟਰੇਨਿੰਗ ਅਤੇ ਪ੍ਰੇਰਣਾ ਦਿੰਦੇ ਸਨ।

ਜ਼ਿਕਰਯੋਗ ਮੇਜਰ ਗਾਵੰਡ ਥਾਣੇ ਦੇ 'ਗਾਵੰਡ ਬਾਗ' ਇਲਾਕੇ ਦੇ ਵਸਨੀਕ ਸਨ। ਉਨ੍ਹਾਂ ਦੇ ਦਿਹਾਂਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਫੌਜੀ ਹਲਕਿਆਂ ਵਿੱਚ ਉਨ੍ਹਾਂ ਨੂੰ ਇੱਕ ਪ੍ਰੇਰਣਾਦਾਇਕ ਸ਼ਖ਼ਸੀਅਤ ਵਜੋਂ ਯਾਦ ਕੀਤਾ ਜਾ ਰਿਹਾ ਹੈ।


author

Harpreet SIngh

Content Editor

Related News