ਮੈਨਪੁਰੀ ਲੋਕ ਸਭਾ ਜ਼ਿਮਨੀ ਚੋਣ: ਡਿੰਪਲ ਯਾਦਵ ਹੋਵੇਗੀ ਸਪਾ ਦੀ ਉਮੀਦਵਾਰ
Thursday, Nov 10, 2022 - 04:28 PM (IST)
ਲਖਨਊ- ਸਮਾਜਵਾਦੀ ਪਾਰਟੀ (ਸਪਾ) ਨੇ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਨੂੰ ਮੈਨਪੁਰੀ ਲੋਕ ਸਭਾ ਜ਼ਿਮਨੀ ਚੋਣ ਲਈ ਪਾਰਟੀ ਦਾ ਉਮੀਦਵਾਰ ਬਣਾਇਆ ਹੈ। ਸਮਾਜਵਾਦੀ ਪਾਰਟੀ ਨੇ ਵੀਰਵਾਰ ਨੂੰ ਟਵੀਟ ਕੀਤਾ, ''ਸਮਾਜਵਾਦੀ ਪਾਰਟੀ ਨੇ ਲੋਕ ਸਭਾ ਹਲਕਾ ਮੈਨਪੁਰੀ ਜ਼ਿਮਨੀ ਚੋਣ-2022 ਲਈ ਸਾਬਕਾ ਸੰਸਦ ਮੈਂਬਰ ਡਿੰਪਲ ਯਾਦਵ ਨੂੰ ਉਮੀਦਵਾਰ ਐਲਾਨ ਦਿੱਤਾ ਹੈ।'' ਮੈਨਪੁਰੀ ਲੋਕ ਸਭਾ ਸੀਟ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਮੌਤ ਕਾਰਨ ਖਾਲੀ ਹੋਈ ਹੈ।
ਜ਼ਿਮਨੀ ਚੋਣਾਂ ਲਈ ਲੋੜ ਪੈਣ 'ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ 8 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਨੇ 2012 ਅਤੇ 2014 ਵਿਚ ਕਨੌਜ ਲੋਕ ਸਭਾ ਸੀਟ ਦੀ ਨੁਮਾਇੰਦਗੀ ਕੀਤੀ ਸੀ। ਯਾਦਵ ਪਰਿਵਾਰ ਦੀ ਅਗਲੀ ਪੀੜ੍ਹੀ ਦੇ ਤੇਜ ਪ੍ਰਤਾਪ ਯਾਦਵ ਦਾ ਨਾਂਅ ਸਿਆਸੀ ਹਲਕਿਆਂ 'ਚ ਇਸ ਸੀਟ ਲਈ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਚੱਲ ਰਿਹਾ ਸੀ ਪਰ ਅੱਜ ਡਿੰਪਲ ਦੇ ਨਾਂਅ 'ਤੇ ਅੰਤਿਮ ਫ਼ੈਸਲਾ ਲਿਆ ਗਿਆ।
ਮੈਨਪੁਰੀ ਸੀਟ ਤੋਂ ਡਿੰਪਲ ਦੀ ਉਮੀਦਵਾਰੀ ਨੂੰ ਸਪਾ ਵੱਲੋਂ ਪਾਰਟੀ ਸਰਪ੍ਰਸਤ ਅਤੇ ਸਹੁਰੇ ਮੁਲਾਇਮ ਸਿੰਘ ਯਾਦਵ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਨਾਲ ਹੀ ਇਸ ਨੂੰ ਸਪਾ ਵਰਕਰਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵੀ ਮੰਨਿਆ ਜਾ ਰਿਹਾ ਹੈ। ਅਖਿਲੇਸ਼ ਦੀ ਕਰਹਾਲ ਵਿਧਾਨ ਸਭਾ ਸੀਟ ਮੈਨਪੁਰੀ ਲੋਕ ਸਭਾ ਹਲਕੇ ਦਾ ਹਿੱਸਾ ਹੈ।