ਜਾਦੂ-ਟੂਣੇ ਦੇ ਸ਼ੱਕ 'ਚ ਪੋਤੇ ਨੇ ਦਾਦੀ ਦਾ ਕੀਤਾ ਕਤਲ, ਕੁਹਾੜੀ ਨਾਲ ਕੀਤੇ ਕਈ ਵਾਰ

Monday, Oct 12, 2020 - 10:21 AM (IST)

ਜਾਦੂ-ਟੂਣੇ ਦੇ ਸ਼ੱਕ 'ਚ ਪੋਤੇ ਨੇ ਦਾਦੀ ਦਾ ਕੀਤਾ ਕਤਲ, ਕੁਹਾੜੀ ਨਾਲ ਕੀਤੇ ਕਈ ਵਾਰ

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੇ ਉੱਪਰ ਜਾਦੂ-ਟੂਣਾ ਕੀਤੇ ਜਾਣ ਦੇ ਸ਼ੱਕ 'ਚ ਆਪਣੀ 62 ਸਾਲਾ ਦਾਦੀ ਦਾ ਕਤਲ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਕਰਮਗੜ੍ਹ ਤਾਲੁਕਾ ਦੇ ਯਸ਼ਵੰਤ ਨਗਰ ਦੇ ਰਹਿਣ ਵਾਲੇ ਦੋਸ਼ੀ ਕੈਲਾਸ ਡਾਂਗਟੇ ਦਾ ਮੰਨਣਾ ਸੀ ਕਿ ਉਹ ਆਪਣੀ ਦਾਦੀ ਵਲੋਂ ਕੀਤੇ ਗਏ ਜਾਦੂ-ਟੂਣੇ ਕਾਰਨ ਜੀਵਨ 'ਚ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨੂੰ ਲੈ ਕੇ ਉਹ ਉਸ ਨਾਲ ਝਗੜਾ ਕਰਦਾ ਸੀ।

ਜ਼ਿਲ੍ਹਾ ਪੁਲਸ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਦੋਸ਼ੀ ਨੇ ਆਪਣੀ ਦਾਦੀ 'ਤੇ ਕੁਹਾੜੀ ਨਾਲ ਕਈ ਵਾਰ ਕੀਤੇ ਅਤੇ ਫਿਰ ਘਰੋਂ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਜਨਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰ ਦੇ ਇਕ ਮੈਂਬਰ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਆਈ.ਪੀ.ਸੀ. ਦੀ ਧਾਰਾ 302 (ਕਤਲ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।


author

DIsha

Content Editor

Related News