ਹੁਣ ਇਸ ਸੂਬੇ ''ਚ ਸ਼ੁਰੂ ਹੋਵੇਗੀ ''ਲਾਡਲਾ ਭਾਈ ਸਕੀਮ'', ਨੌਜਵਾਨਾਂ ਨੂੰ ਮਿਲੇਗਾ ਫਾਇਦਾ
Wednesday, Jul 17, 2024 - 04:29 PM (IST)
ਨੈਸ਼ਨਲ ਡੈਸਕ- ਅਕਸਰ ਧੀਆਂ ਨੂੰ ਅੱਗੇ ਵਧਣ ਦੀ ਮਕਸਦ ਨਾਲ ਸਰਕਾਰ ਕਈ ਸਕੀਮਾਂ ਲਾਂਚ ਕਰਦੀ ਰਹਿੰਦੀ ਹੈ। ਇਨ੍ਹਾਂ ਸਕੀਮਾਂ ਵਿਚ ਇਕ ਚਰਚਿੱਤ ਸਕੀਮ ਹੈ 'ਲਾਡਲੀ ਬਹਿਨਾ ਸਕੀਮ'। ਹੁਣ ਮਹਾਰਾਸ਼ਟਰ ਸਰਕਾਰ ਨੇ ਮੁੰਡਿਆਂ ਲਈ ਵੀ ਅਜਿਹੀ ਹੀ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸੂਬੇ ਦੇ ਨੌਜਵਾਨਾਂ ਨੂੰ ਤੋਹਫ਼ਾ ਦਿੰਦੇ ਹੋਏ 'ਲਾਡਲਾ ਭਾਈ ਸਕੀਮ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਕੀ ਹੋਣਗੇ ਸਕੀਮ ਦੇ ਫਾਇਦੇ?
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪੰਢਰਪੁਰ ਵਿਚ ਲਾਡਲਾ ਭਾਈ ਸਕੀਮ ਨੂੰ ਲੈ ਕੇ ਐਲਾਨ ਕੀਤਾ ਹੈ। ਇਸ ਸਕੀਮ ਤਹਿਤ 12ਵੀਂ ਪਾਸ ਕਰਨ ਵਾਲੇ ਨੌਜਵਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ, ਡਿਪਲੋਮਾ ਕਰਨ ਵਾਲੇ ਨੌਜਵਾਨਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਗਰੈਜੂਏਟ ਨੌਜਵਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਰਕਾਰ ਵਲੋਂ ਦਿੱਤੇ ਜਾਣਗੇ।
ਕੀ ਕਹਿਣਾ ਹੈ ਕਿ ਮੁੱਖ ਮੰਤਰੀ ਸ਼ਿੰਦੇ ਦਾ?
ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਇਸ ਸਕੀਮ ਤਹਿਤ ਸਾਡੀ ਸਰਕਾਰ ਸਾਡੇ ਸੂਬੇ ਦੇ ਨੌਜਵਾਨਾਂ ਨੂੰ ਉਨ੍ਹਾਂ ਕਾਰਖਾਨਿਆਂ ਵਿਚ ਅਪ੍ਰੈਂਟਿਸਸ਼ਿਪ ਕਰਨ ਲਈ ਪੈਸੇ ਦੇਣ ਜਾ ਰਹੀ ਹੈ, ਜਿੱਥੇ ਉਹ ਕੰਮ ਕਰਨਗੇ। ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਅਜਿਹੀ ਸਕੀਮ ਪੇਸ਼ ਕੀਤੀ ਹੈ। ਇਸ ਸਕੀਮ ਜ਼ਰੀਏ ਅਸੀਂ ਬੇਰੁਜ਼ਗਾਰੀ ਦਾ ਹੱਲ ਲੱਭ ਲਿਆ ਹੈ। ਇਸ ਸਕੀਮ ਤਹਿਤ ਸਾਡੇ ਨੌਜਵਾਨ ਕਾਰਖਾਨਿਆਂ ਵਿਚ ਸਿਖਲਾਈ ਹਾਸਲ ਕਰਨਗੇ ਅਤੇ ਸਰਕਾਰ ਉਨ੍ਹਾਂ ਨੂੰ ਵਜ਼ੀਫਾ ਦੇਵੇਗੀ।