ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ ਪ੍ਰਸ਼ਾਸਕ ਬਦਲਣ ’ਚ ਅਕਾਲੀ ਦਲ ਦੀ ਪੈਰਵੀ ਤੇ ਸਰਕਾਰ ਨਾਲ ਤਾਲਮੇਲ ਦਾ ਵੱਡਾ ਯੋਗਦਾਨ: ਸਰਨਾ

Friday, Aug 11, 2023 - 08:38 PM (IST)

ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ ਪ੍ਰਸ਼ਾਸਕ ਬਦਲਣ ’ਚ ਅਕਾਲੀ ਦਲ ਦੀ ਪੈਰਵੀ ਤੇ ਸਰਕਾਰ ਨਾਲ ਤਾਲਮੇਲ ਦਾ ਵੱਡਾ ਯੋਗਦਾਨ: ਸਰਨਾ

ਜਲੰਧਰ, (ਅਰੋੜਾ)- ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ ਪ੍ਰਸ਼ਾਸਕ ਕਿਸੇ ਗੈਰ-ਸਿੱਖ ਨੂੰ ਲਾਉਣ ਵਿਰੁੱਧ ਸਿੱਖ ਸੰਗਤ ਦੇ ਰੋਸ ਅਤੇ ਅਕਾਲੀ ਦਲ ਵੱਲੋਂ ਕੀਤੀ ਇਸ ਮਾਮਲੇ ਦੀ ਪੈਰਵੀ ਤੇ ਸਰਕਾਰ ਨਾਲ ਤਾਲਮੇਲ ਸਦਕਾ ਆਪਣੇ ਫੈਸਲੇ ਵਿਚ ਬਦਲਾਅ ਕਰਦਿਆਂ ਸਰਕਾਰ ਨੇ ਇਕ ਸਾਬਕਾ ਆਈ. ਏ. ਐੱਸ. ਅਧਿਕਾਰੀ ਡਾ. ਵਿਜੈ ਸਤਬੀਰ ਸਿੰਘ ਨੂੰ ਪ੍ਰਸ਼ਾਸਕ ਲਾਇਆ ਗਿਆ ਹੈ, ਜਿਸ ਦੀ ਅਸੀਂ ਸ਼ਲਾਘਾ ਕਰਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਸਰਨਾ ਨੇ ਕਿਹਾ ਕਿ ਬਿਨਾਂ ਸ਼ੱਕ ਇਸ ਫੈਸਲੇ ਨੂੰ ਰੱਦ ਕਰਵਾਉਣ ਪਿੱਛੇ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਵੱਲੋਂ ਮਹਾਰਾਸ਼ਟਰ ਸਰਕਾਰ ਦੇ ਉਕਤ ਫੈਸਲੇ ਦਾ ਕੀਤਾ ਵਿਰੋਧ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੀ ਦਿੱਲੀ ਇਕਾਈ ਵੱਲੋਂ ਇਸ ਸਮੁੱਚੇ ਮਾਮਲੇ ਦੀ ਕੀਤੀ ਪੈਰਵੀ ਹੈ। ਅਕਾਲੀ ਦਲ ਨੇ ਮਹਾਰਾਸ਼ਟਰ ਸਰਕਾਰ ਨਾਲ ਤਾਲਮੇਲ ਕਰਦੇ ਹੋਏ ਜੋ ਭੂਮਿਕਾ ਨਿਭਾਈ, ਉਸਦਾ ਇਸ ਮਾਮਲੇ ਵਿਚ ਸਰਕਾਰ ਵੱਲੋਂ ਆਪਣਾ ਫੈਸਲਾ ਬਦਲਣ ਪਿੱਛੇ ਵੱਡਾ ਯੋਗਦਾਨ ਹੈ।

ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਹੁਣ ਸੇਵਾਮੁਕਤ ਆਈ. ਏ. ਐੱਸ. ਡਾ. ਵਿਜੈ ਸਤਬੀਰ ਸਿੰਘ ਨੂੰ ਜੋ ਪ੍ਰਸ਼ਾਸਕ ਵਜੋਂ ਜ਼ਿੰਮੇਵਾਰੀ ਮਿਲੀ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਤੇ ਪੂਰਨ ਸਿੱਖੀ ਅਸੂਲਾਂ ਦੇ ਧਾਰਨੀ ਹੁੰਦਿਆਂ ਭਾਵਨਾ ਤੇ ਸਤਿਕਾਰ ਨਾਲ ਨਿਭਾਉਣਗੇ ਅਤੇ ਸੰਗਤ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਪ੍ਰਬੰਧਕੀ ਬੋਰਡ ਦੀ ਚੋਣ ਪੂਰੀ ਨਿਰਪੱਖਤਾ ਤੇ ਪਾਰਦਰਸ਼ਿਤਾ ਨਾਲ ਕਰਵਾਉਂਦੇ ਹੋਏ ਸਮੁੱਚਾ ਪ੍ਰਬੰਧ ਪੂਰਨ ਗੁਰਸਿੱਖਾਂ ਦੇ ਸਪੁਰਦ ਕਰਨਗੇ।

ਸਰਨਾ ਨੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਵਿਚ ਸੰਬੋਧਨ ਦੌਰਾਨ 1984 ਵਿਚ ਕਾਂਗਰਸ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਕੀਤੇ ਹਮਲੇ ’ਤੇ ਅਫਸੋਸ ਜਤਾਉਣ ਨੂੰ ਅਹਿਮ ਦੱਸਦਿਆਂ ਮੰਗ ਕੀਤੀ ਕਿ ਇਸ ਮਾਮਲੇ ਸਬੰਧੀ ਪ੍ਰਸਤਾਵ ਲੋਕ ਸਭਾ ਵਿਚ ਪੇਸ਼ ਕੀਤਾ ਜਾਵੇ ਅਤੇ ਨਿੰਦਾ ਪ੍ਰਸਤਾਵ ਪਾਸ ਕੀਤਾ ਜਾਵੇ।


author

Rakesh

Content Editor

Related News