ਹੁਣ ਮਹਾਰਾਸ਼ਟਰ ''ਚ ਵੀ CBI ਦੀ ਬਿਨਾਂ ਮਨਜ਼ੂਰੀ ਨੋ ਐਂਟਰੀ, ਊਧਵ ਨੇ ਆਮ ਸਹਿਮਤੀ ਲਈ ਵਾਪਸ

Thursday, Oct 22, 2020 - 02:43 PM (IST)

ਹੁਣ ਮਹਾਰਾਸ਼ਟਰ ''ਚ ਵੀ CBI ਦੀ ਬਿਨਾਂ ਮਨਜ਼ੂਰੀ ਨੋ ਐਂਟਰੀ, ਊਧਵ ਨੇ ਆਮ ਸਹਿਮਤੀ ਲਈ ਵਾਪਸ

ਮੁੰਬਈ- ਮਹਾਰਾਸ਼ਟਰ 'ਚ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸੂਬੇ 'ਚ ਮਾਮਲਿਆਂ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਦਿੱਤੀ ਗਈ ਆਮ ਸਹਿਮਤੀ ਵਾਪਸ ਲੈ ਲਈ ਹੈ। ਇਸ ਫੈਸਲੇ ਤੋਂ ਬਾਅਦ ਸੀ.ਬੀ.ਆਈ. ਨੂੰ ਮਹਾਰਾਸ਼ਟਰ 'ਚ ਕਿਸੇ ਵੀ ਮਾਮਲੇ ਦੀ ਜਾਂਚ ਲਈ ਹੁਣ ਮਹਾਰਾਸ਼ਟਰ ਸਰਕਾਰ ਦੀ ਮਨਜ਼ੂਰੀ ਲੈਣੀ ਹੋਵੇਗੀ। ਸੂਬੇ 'ਚ ਮਾਮਲੇ ਦੀ ਜਾਂਚ ਨੂੰ ਲੈ ਕੇ ਕੇਂਦਰੀ ਏਜੰਸੀ ਦੀਆਂ ਸ਼ਕਤੀਆਂ ਹੁਣ ਸੀਮਿਤ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਰਾਜਸਥਾਨ, ਛੱਤੀਸਗੜ੍ਹ, ਪੱਛਮੀ ਬੰਗਾਲ ਵੀ ਸੀ.ਬੀ.ਆਈ. ਨੂੰ ਮਾਮਲਿਆਂ ਦੀ ਜਾਂਚ ਲਈ ਦਿੱਤੀ ਗਈ ਆਮ ਸਹਿਮਤੀ ਵਾਪਸ ਲੈ ਚੁਕੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਨਾਲ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਸੀ.ਬੀ.ਆਈ. ਜਾਂਚ 'ਤੇ ਅਸਰ ਪਵੇਗਾ।

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸੁਸ਼ਾਂ ਮਾਮਲੇ ਦੀ ਜਾਂਚ ਮੁੰਬਈ ਪੁਲਸ ਤੋਂ ਸੀ.ਬੀ.ਆਈ. ਨੂੰ ਸੌਂਪ ਦਿੱਤੀ ਗਈ ਸੀ। ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਬੁੱਧਵਾਰ ਨੂੰ ਇਸ ਸੰਬੰਧ 'ਚ ਇਕ ਆਦੇਸ਼ ਜਾਰੀ ਕੀਤਾ ਗਿਆ। ਇਹ ਫੈਸਲਾ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਉੱਤਰ ਪ੍ਰਦੇਸ਼ ਸਰਕਾਰ ਨੇ ਟੀ.ਆਰ.ਪੀ. ਦੇ ਮਾਮਲੇ 'ਚ ਸ਼ਿਕਾਇਤ ਦਰਜ ਕਰ ਕੇ ਪੂਰਾ ਮਾਮਲਾ ਸੀ.ਬੀ.ਆਈ. ਨੂੰ ਸੌਂਪ ਦਿੱਤਾ ਹੈ। ਮੁੰਬਈ ਪੁਲਸ ਵਲੋਂ ਇਸ ਮਹੀਨੇ ਦੀ ਸ਼ੁਰੂਆਤ 'ਚ ਟੈਲੀਵਿਜ਼ਨ ਨਿਊਜ਼ ਚੈਨਲਾਂ 'ਤੇ ਟੀ.ਆਰ.ਪੀ. ਨਾਲ ਸੰਬੰਧਤ ਗੜਬੜੀ ਕਰਨ ਦਾ ਦੋਸ਼ ਲਗਾਇਆ ਸੀ। ਰਿਪਬਲਿਕ ਟੀ.ਵੀ. ਦੇ ਮਾਲਕ ਅਰਨਬ ਗੋਸਵਾਮੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


author

DIsha

Content Editor

Related News