ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਸੀਟਾਂ ਦੀ ਵੰਡ ਨੂੰ ਲੈ ਕੇ ਸ਼ਿਵ ਸੈਨਾ (ਊਧਵ) ਤੇ ਕਾਂਗਰਸ ਵਿਚਾਲੇ ਤਣਾਤਣੀ!

Saturday, Oct 19, 2024 - 11:26 PM (IST)

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਸੀਟਾਂ ਦੀ ਵੰਡ ਨੂੰ ਲੈ ਕੇ ਸ਼ਿਵ ਸੈਨਾ (ਊਧਵ) ਤੇ ਕਾਂਗਰਸ ਵਿਚਾਲੇ ਤਣਾਤਣੀ!

ਮੁੰਬਈ, (ਭਾਸ਼ਾ)- ਮਹਾਰਾਸ਼ਟਰ ’ਚ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸੀਟਾਂ ਦੀ ਵੰਡ ਨੂੰ ਲੈ ਕੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੇ ਕਾਂਗਰਸ ਵਿਚਾਲੇ ਤਣਾਤਣੀ ਬਣੀ ਹੋਈ ਹੈ।

ਸ਼ਿਵ ਸੈਨਾ (ਊਧਵ) ਦੇ ਨੇਤਾ ਸੰਜੇ ਰਾਊਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਵਿਚਾਲੇ ਸੀਟਾਂ ਦੀ ਵੰਡ ’ਤੇ ਗੱਲਬਾਤ ਪੂਰੀ ਹੋ ਗਈ ਹੈ। ਮਹਾ ਵਿਕਾਸ ਆਘਾੜੀ ਦੀ ਤੀਜੀ ਭਾਈਵਾਲ ਕਾਂਗਰਸ ਨੂੰ ਸਪਸ਼ਟ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਹੈ। ਇਕ ਦਿਨ ਪਹਿਲਾਂ ਗੱਠਜੋੜ ’ਚ ਸੀਟਾਂ ਦੀ ਵੰਡ ਲਈ ਗੱਲਬਾਤ ’ਚ ਦੇਰੀ ਤੇ ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਨੇਤਾਵਾਂ ’ਤੇ ਫੈਸਲਾ ਲੈਣ ਵਿਚ ਅਸਮਰੱਥ ਹੋਣ ’ਤੇ ਨਿਰਾਸ਼ਾ ਪ੍ਰਗਟਾਈ ਗਈ ਸੀ।

ਰਾਊਤ ਨੇ ਕਿਹਾ ਕਿ ਮੌਜੂਦਾ ਰਾਸ਼ਟਰੀ ਸਿਆਸਤ ਖੇਤਰੀ ਪਾਰਟੀਆਂ ਵੱਲੋਂ ਚਲਾਈ ਜਾ ਰਹੀ ਹੈ । ਉਨ੍ਹਾਂ ਦੀ ਪਾਰਟੀ ਦਾ ਮੰਨਣਾ ਹੈ ਕਿ ਖੇਤਰੀ ਪਾਰਟੀਆਂ ਨੂੰ ਉਨ੍ਹਾਂ ਦੇ ਸੂਬਿਆਂ ’ਚ ਪਹਿਲ ਮਿਲਣੀ ਚਾਹੀਦੀ ਹੈ। ਨਰਿੰਦਰ ਮੋਦੀ ਤੇਲਗੂ ਦੇਸ਼ਮ ਪਾਰਟੀ ਅਤੇ ਜਨਤਾ ਦਲ (ਯੂ) ਵਰਗੀਆਂ ਖੇਤਰੀ ਪਾਰਟੀਆਂ ਦੀ ਮਦਦ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ।

ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ’ਚ ਖੇਤਰੀ ਪਾਰਟੀਆਂ ਦੀ ਗਿਣਤੀ ਵੱਧ ਹੈ। ਸ਼ਿਵ ਸੈਨਾ ਯੂ. ਬੀ. ਟੀ. ਨੇ ਸ਼ੁੱਕਰਵਾਰ ਪੂਰਾ ਦਿਨ ਐੱਨ. ਸੀ. ਪੀ. (ਸ਼ਰਦ ਚੰਦਰ ਪਵਾਰ) ਦੇ ਆਗੂਆਂ ਨਾਲ ਚਰਚਾ ਕੀਤੀ। ਸੂਬਾ ਇਕਾਈ ਦੇ ਪ੍ਰਧਾਨ ਜਯੰਤ ਪਾਟਿਲ ਨਾਲ ਵੀ ਗੱਲਬਾਤ ਹੋਈ। ਮੁੱਦੇ ਸੁਲਝਾਉਣ ਲਈ ਇੱਛਾ ਸ਼ਕਤੀ ਦੀ ਲੋੜ ਹੈ । ਸਾਡੇ ਦੋਵਾਂ ਕੋਲ ਇਹ ਹੈ। ਸੀਟਾਂ ਸ਼ਿਵ ਸੈਨਾ (ਯੂ. ਬੀ. ਟੀ.) ਅਤੇ ਐਨ. ਸੀ. ਪੀ. (ਸ਼ਰਦ ਚੰਦਰ ਪਵਾਰ) ਵਿਚਕਾਰ ਵੰਡੀਆਂ ਗਈਆਂ ਹਨ। ਸ਼ਰਦ ਪਵਾਰ ਤੇ ਊਧਵ ਠਾਕਰੇ ਨਿੱਜੀ ਤੌਰ 'ਤੇ ਇਸ ’ਤੇ ਵਿਚਾਰ ਕਰ ਰਹੇ ਹਨ, ਕਿਉਂਕਿ ਸਾਡੀ ਹਾਈ ਕਮਾਂਡ ਮੁੰਬਈ ਵਿਚ ਹੈ।

ਕੀ ਕਿਹਾ ਨਾਨਾ ਪਟੋਲੇ ਨੇ?

ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਸੰਜੇ ਰਾਊਤ ਦੇ ਨੇਤਾ ਊਧਵ ਠਾਕਰੇ ਹਨ। ਸਾਡੇ ਨੇਤਾ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਹਨ। ਐੱਨ. ਸੀ. ਪੀ. (ਸ਼ਰਦ ਚੰਦਰ ਪਵਾਰ) ਦੇ ਨੇਤਾ ਸ਼ਰਦ ਪਵਾਰ ਹਨ। ਸੀਟ ਸ਼ੇਅਰਿੰਗ ਕਮੇਟੀ ’ਚ ਨਾ ਤਾਂ ਸ਼ਰਦ ਪਵਾਰ, ਊਧਵ ਜੀ, ਮਲਿਕਾਅਰਜੁਨ ਖੜਗੇ ਅਤੇ ਨਾ ਹੀ ਰਾਹੁਲ ਗਾਂਧੀ ਮੌਜੂਦ ਹਨ ਪਰ ਇਨ੍ਹਾਂ ਆਗੂਆਂ ਦੇ ਹੁਕਮਾਂ ’ਤੇ ਹੀ ਕਮੇਟੀ ਬਣਾਈ ਗਈ ਹੈ। ਆਪਣੇ ਨੇਤਾਵਾਂ ਨੂੰ ਅਸਲੀਅਤ ਦੱਸਣਾ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਉਹੀ ਕਰ ਰਹੇ ਹਾਂ। ਸੰਜੇ ਰਾਊਤ ਕੀ ਕਰਦੇ ਹਨ, ਇਸ ’ਤੇ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ।

ਕਾਂਗਰਸ ਨੇਤਾ ਚੇਨੀਥਲਾ ਨੇ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ

ਕਾਂਗਰਸ ਨੇਤਾ ਰਮੇਸ਼ ਚੇਨੀਥਲਾ ਨੇ ਸ਼ਨੀਵਾਰ ਸ਼ਿਵ ਸੈਨਾ (ਯੂ. ਬੀ. ਟੀ.) ਦੇ ਮੁਖੀ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ। ਆਲ ਇੰਡੀਆ ਕਾਂਗਰਸ ਕਮੇਟੀ ਦੇ ਇੰਚਾਰਜ ਚੇਨੀਥਲਾ ਨੇ ਕਿਹਾ ਕਿ ਉਹ ਤਾਂ ਠਾਕਰੇ ਦੀ ਸਿਹਤ ਬਾਰੇ ਪੁੱਛਣ ਲਈ ਗਏ ਸਨ। ਕੋਈ ਮੀਟਿੰਗ ਨਹੀਂ ਹੋਈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਊਧਵ ਠਾਕਰੇ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਗੱਲਬਾਤ ਚੰਗੀ ਰਹੀ।


author

Rakesh

Content Editor

Related News