ਜਣੇਪੇ ਦੇ ਦਰਦ ਤੋਂ ਪੀੜਤ ਔਰਤ ਦੀ ਐਂਬੂਲੈਂਸ ''ਚ ਮੌ.ਤ, ਨਹੀਂ ਮਿਲੀਆਂ ਇਹ ਸਹੂਲਤਾਂ

Wednesday, Nov 27, 2024 - 03:04 PM (IST)

ਜਣੇਪੇ ਦੇ ਦਰਦ ਤੋਂ ਪੀੜਤ ਔਰਤ ਦੀ ਐਂਬੂਲੈਂਸ ''ਚ ਮੌ.ਤ, ਨਹੀਂ ਮਿਲੀਆਂ ਇਹ ਸਹੂਲਤਾਂ

ਪਾਲਘਰ- 26 ਸਾਲਾ ਇਕ ਗਰਭਵਤੀ ਔਰਤ ਦੀ ਐਂਬੂਲੈਂਸ 'ਚ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਦਰਅਸਲ ਐਂਬੂਲੈਂਸ ਵਿਚ ਆਕਸੀਜਨ ਅਤੇ ਹੋਰ ਜ਼ਰੂਰੀ ਸਹੂਲਤਾਂ ਨਹੀਂ ਸਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਹੈ। ਪਾਲਘਰ ਦੇ ਸਿਵਲ ਸਰਜਨ ਡਾਕਟਰ ਰਾਮਦਾਸ ਮਰਾੜ ਨੇ ਕਿਹਾ ਕਿ ਸਿਹਤ ਵਿਭਾਗ ਨੇ ਖੇਤਰ 'ਚ ਵਿਸ਼ੇਸ਼ ਐਂਬੂਲੈਂਸਾਂ ਦੀ ਘਾਟ ਬਾਰੇ ਅਧਿਕਾਰੀਆਂ ਨਾਲ ਵਾਰ-ਵਾਰ ਚਿੰਤਾਵਾਂ ਪ੍ਰਗਟਾਈਆਂ ਹਨ।

ਜਣੇਪੇ ਦੇ ਦਰਦ ਤੋਂ ਪੀੜਤ ਔਰਤ ਨੂੰ ਮੰਗਲਵਾਰ ਸ਼ਾਮ ਨੂੰ ਗੰਭੀਰ ਹਾਲਤ 'ਚ ਇੱਥੋਂ ਦੇ ਪੇਂਡੂ ਹਸਪਤਾਲ 'ਚ ਲਿਆਂਦਾ ਗਿਆ। ਸਿਹਤ ਅਧਿਕਾਰੀ ਨੇ ਕਿਹਾ ਕਿ ਜੇਕਰ ਉਹ ਪਹਿਲਾਂ ਆ ਜਾਂਦੀ ਤਾਂ ਅਸੀਂ ਉਸ ਨੂੰ ਬਚਾ ਸਕਦੇ ਸੀ। ਓਧਰ ਪਾਲਘਰ ਤੋਂ ਲੋਕ ਸਭਾ ਮੈਂਬਰ ਡਾ. ਹੇਮੰਤ ਸਵਾਰਾ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਇਸ ਮਾਮਲੇ ਵਿਚ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਐਂਬੂਲੈਂਸ ਵਿਚ ਲੋੜੀਂਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ।

ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ '108' ਐਮਰਜੈਂਸੀ ਸੇਵਾ ਰਾਹੀਂ ਆਕਸੀਜਨ ਅਤੇ ਜ਼ਰੂਰੀ ਡਾਕਟਰੀ ਸਹੂਲਤਾਂ ਨਾਲ ਲੈਸ ਐਂਬੂਲੈਂਸ ਦਾ ਪ੍ਰਬੰਧ ਕਰਨ ਲਈ ਅਣਥੱਕ ਯਤਨ ਕੀਤੇ ਪਰ ਉਨ੍ਹਾਂ ਦੀਆਂ ਅਪੀਲਾਂ ਦਾ ਕੋਈ ਜਵਾਬ ਨਹੀਂ ਮਿਲਿਆ। ਅਖ਼ੀਰ ਉਨ੍ਹਾਂ ਨੂੰ ਕਾਸਾ ਗ੍ਰਾਮੀਣ ਹਸਪਤਾਲ ਵੱਲੋਂ ਸਾਧਾਰਨ ਐਂਬੂਲੈਂਸ ਮੁਹੱਈਆ ਕਰਵਾਈ ਗਈ। ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਔਰਤ ਦੀ ਰਸਤੇ ਵਿਚ ਹੀ ਮੌਤ ਹੋ ਗਈ ਅਤੇ ਭਰੂਣ ਵੀ ਨਹੀਂ ਬਚਿਆ। ਡਾਕਟਰ ਮਰਾੜ ਨੇ ਦੱਸਿਆ ਕਿ ਔਰਤ ਨੂੰ ਗੰਭੀਰ ਹਾਲਤ ਵਿਚ ਕਾਸਾ ਗ੍ਰਾਮੀਣ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪਹੁੰਚਣ 'ਤੇ ਔਰਤ ਅਰਧ-ਹੋਸ਼ ਸੀ ਅਤੇ ਗੰਭੀਰ ਸੰਕਰਮਣ ਦੇ ਲੱਛਣ ਦਿਖਾਈ ਦਿੱਤੇ। ਨਿੱਜੀ ਤੌਰ 'ਤੇ ਚਲਾਈਆਂ ਜਾ ਰਹੀਆਂ 108 ਐਮਰਜੈਂਸੀ ਐਂਬੂਲੈਂਸ ਸੇਵਾਵਾਂ ਦੇ ਮੁੱਦਿਆਂ 'ਤੇ ਡਾ ਮਰਾਡ ਨੇ ਕਿਹਾ ਕਿ ਸ਼ਾਇਦ ਉੱਚ ਮੰਗ ਕਾਰਨ ਐਂਬੂਲੈਂਸ ਉਪਲਬਧ ਨਹੀਂ ਹੋ ਸਕੀ।

ਪਾਲਘਰ ਤੋਂ ਭਾਜਪਾ ਸਾਂਸਦ ਸਵਰਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਸਿਹਤ ਵਿਭਾਗ ਨੂੰ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਐਂਬੂਲੈਂਸ ਸੇਵਾਵਾਂ ਵਿਚ ਆਕਸੀਜਨ ਅਤੇ ਦਿਲ ਦੀ ਸਹਾਇਤਾ ਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਨਾਲ ਹੀ ਡਾਕਟਰ ਲਈ ਮਰੀਜ਼ ਦੇ ਨਾਲ ਹੋਣਾ ਜ਼ਰੂਰੀ ਹੈ। ਮੈਂ ਇਸ ਬਾਰੇ ਸਰਕਾਰ ਨਾਲ ਗੱਲ ਕਰਾਂਗਾ।


author

Tanu

Content Editor

Related News