6 ਸਾਲਾ ਬੱਚੀ ਦੀ ਨੇਕ ਪਹਿਲ; ਜਨਮ ਦਿਨ ’ਤੇ ਤੋਹਫ਼ੇ ਨਹੀਂ, ਖ਼ੂਨ ਦਾਨ ਕਰਨ ਦੀ ਅਪੀਲ
Monday, Apr 12, 2021 - 11:09 AM (IST)
ਪਾਲਘਰ (ਭਾਸ਼ਾ)— ਮਹਾਰਾਸ਼ਟਰ ਦੇ ਪਾਲਘਰ ਵਿਚ 6 ਸਾਲਾ ਇਕ ਬੱਚੀ ਨੇ ਨੇਕ ਪਹਿਲ ਕਰਦੇ ਹੋਏ ਆਪਣੇ ਜਨਮ ਦਿਨ ਦਾ ਜਸ਼ਨ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ। ਬੱਚੀ ਨੇ ਜਨਮ ਦਿਨ ਮਨਾਉਣ ਦੀ ਬਜਾਏ ਆਪਣੇ ਪਰਿਵਾਰ ਨੂੰ ਖ਼ੂਨ ਦਾਨ ਕਰਨ ਨੂੰ ਕਿਹਾ ਹੈ, ਤਾਂ ਕਿ ਕੋਵਿਡ-19 ਗਲੋਬਲ ਮਹਾਮਾਰੀ ਦਰਮਿਆਨ ਖ਼ੂਨ ਦੀ ਕਮੀ ਨਾ ਹੋਵੇ। ਪਾਲਘਰ ਜ਼ਿਲ੍ਹੇ ’ਚ ਵਾਡਾ ਤਾਲੁਕਾ ਦੇ ਗਾਂਦਰੇ ਪਿੰਡ ਦੀ ਰਹਿਣ ਵਾਲੀ ਯੁਗਾ ਅਮੋਲ ਠਾਕਰੇ ਦਾ ਸ਼ਨੀਵਾਰ ਨੂੰ ਜਨਮ ਦਿਨ ਸੀ। ਮੀਡੀਆ ’ਚ ਖ਼ੂਨ ਦਾਨ ਸਬੰਧੀ ਅਪੀਲ ਨੂੰ ਵੇਖਣ ਤੋਂ ਬਾਅਦ ਯੁਗਾ ਨੇ ਇਹ ਫ਼ੈਸਲਾ ਲਿਆ।
ਯੁਗਾ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਉਸ ਨੂੰ ਤੋਹਫ਼ੇ ਦੇਣ ਜਾਂ ਜਸ਼ਨ ਮਨਾਉਣ ਦੀ ਬਜਾਏ ਉਸ ਦੇ ਜਨਮ ਦਿਨ ’ਤੇ ਖ਼ੂਨ ਦਾਨ ਕਰਨ। ਪਾਲਘਰ ਸਥਿਤ ਕਲਿਆਣੀ ਹਸਪਤਾਲ ਚਲਾਉਣ ਵਾਲੇ ਡਾਕਟਰ ਵੈਭਵ ਠਾਕਰੇ ਨੇ ਸੋਮਵਾਰ ਨੂੰ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯੁਗਾ ਦੀ ਅਪੀਲ ਤੋਂ ਬਾਅਦ ਉਸ ਦੇ ਸਕੇ-ਸਬੰਧੀਆਂ, ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਨੂੰ ਕਲਿਆਣੀ ਹਸਪਤਾਲ ’ਚ ਖ਼ੂਨ ਦਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਬੱਚੀ ਵਲੋਂ ਕੀਤੀ ਗਈ ਵਿਚਾਰਸ਼ੀਲ ਅਤੇ ਨੇਕ ਪਹਿਲ ਹੈ। ਸਾਨੂੰ ਮਾਣ ਹੈ ਕਿ ਉਸ ਨੇ ਇੰਨੀ ਘੱਟ ਉਮਰ ਵਿਚ ਅਜਿਹੀ ਪਹਿਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਦਾਨ ਕੀਤੇ ਗਏ ਖੂਨ ਨੂੰ ਨੇੜਲੇ ਠਾਣੇ ਦੇ ਵਾਮਨਰਾਵ ਓਕ ਬਲੱਡ ਬੈਂਕ ਭੇਜਿਆ ਗਿਆ ਹੈ।