ਸ਼ਰਾਬ ਦਾ ਟੈਂਕਰ ਪਲਟਣ ਕਾਰਨ ਲੱਗੀ ਭਿਆਨਕ ਅੱਗ
Wednesday, Dec 25, 2024 - 04:05 PM (IST)
ਮੁੰਬਈ- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ 'ਚ ਮੁੰਬਈ-ਪੁਣੇ ਹਾਈਵੇਅ ਨੇੜੇ ਤੇਜ਼ ਰਫ਼ਤਾਰ ਸ਼ਰਾਬ ਦਾ ਟੈਂਕਰ ਪਲਟਣ ਕਾਰਨ ਭਿਆਨਕ ਅੱਗ ਲੱਗ ਗਈ। ਇਹ ਘਟਨਾ ਅੱਜ ਸਵੇਰ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਕਾਰਨ ਸੜਕ 'ਤੇ ਦੋ ਘੰਟੇ ਆਵਾਜਾਈ ਪ੍ਰਭਾਵਿਤ ਰਹੀ। ਗਨੀਮਤ ਇਹ ਰਹੀ ਕਿ ਅੱਗ ਕਾਰਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਟੈਂਕਰ ਵਿਚ ਕੱਚਾ ਅਲਕੋਹਲ ਸੀ।
ਪੁਲਸ ਮੁਤਾਬਕ ਖੋਪੋਲੀ ਇਲਾਕੇ 'ਤੇ ਹਾਈਵੇਅ ਕੋਲ ਪਟੇਲ ਨਗਰ ਦੇ ਸ਼ਿਲਫਾਟਾ ਵਿਚ ਸਵੇਰੇ 6 ਵਜ ਕੇ 15 ਮਿੰਟ 'ਤੇ ਇਹ ਘਟਨਾ ਵਾਪਰੀ। ਅਧਿਕਾਰੀ ਮੁਤਾਬਕ ਤੇਜ਼ ਰਫ਼ਤਾਰ ਨਾਲ ਜਾ ਰਿਹਾ ਟੈਂਕਰ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਗੁਆਉਣ ਕਾਰਨ ਪਲਟ ਗਿਆ। ਟੈਂਕਰ ਵਿਚ ਸ਼ਰਾਬ ਭਰੀ ਹੋਣ ਕਾਰਨ ਉਸ ਵਿਚ ਅੱਗ ਲੱਗ ਗਈ ਅਤੇ ਉਹ ਨੁਕਸਾਨਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਖੋਪੋਲੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਟਾਟਾ, ਗੋਦਰੇਜ ਗਰੁੱਪ ਅਤੇ ਹੋਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਸਾਵਧਾਨੀ ਦੇ ਤੌਰ 'ਤੇ ਇਲਾਕੇ ਵਿਚ ਆਵਾਜਾਈ ਰੋਕ ਦਿੱਤੀ ਗਈ ਅਤੇ ਬਿਜਲੀ ਸਪਲਾਈ ਕੱਟ ਦਿੱਤੀ ਗਈ।
ਖੋਪੋਲੀ ਹਾਈਵੇਅ 'ਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਅਲਕੋਹਲ ਦੇ ਰਿਸਾਵ ਕਾਰਨ ਅੱਗ ਕਾਫੀ ਵੱਡੇ ਖੇਤਰ ਵਿਚ ਫੈਲ ਗਈ। ਹਾਦਸੇ ਨੂੰ ਵੇਖਦੇ ਹੋਏ ਟ੍ਰੈਫਿਕ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਓਵਰ ਸਪੀਡ ਦੇ ਚੱਲਦੇ ਇਹ ਹਾਦਸਾ ਵਾਪਰਿਆ। ਓਵਰ ਸਪੀਡ ਕਾਰਨ ਟੈਂਕਰ ਪਲਟ ਗਿਆ ਅਤੇ ਉਸ ਵਿਚ ਅੱਗ ਲੱਗ ਗਈ।