ਮਾਫੀਆ ਸਰਕਾਰ ਚਲਾਉਂਦੇ ਸਨ, ‘ਬਬੂਆ’ 12 ਵਜੇ ਤੱਕ ਸੌਂਦਾ ਸੀ : ਯੋਗੀ ਆਦਿਤਿਆਨਾਥ

Thursday, Sep 19, 2024 - 08:58 PM (IST)

ਅਯੁੱਧਿਆ/ਲਖਨਊ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਵੀਰਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਹਰ ਜ਼ਿਲੇ ਦਾ ਵੱਡਾ ਮਾਫੀਆ ਅਤੇ ਗੁੰਡਾ ਸਪਾ ਨਾਲ ਜੁੜਿਆ ਸੀ।

ਉਨ੍ਹਾਂ ਨੇ ਪਿਛਲੀ ਸਪਾ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮਾਫੀਆ ਸਮਾਨਾਂਤਰ ਸਰਕਾਰ ਚਲਾ ਕੇ ਅਰਾਜਕਤਾ ਅਤੇ ਗੁੰਡਾਗਰਦੀ ਦਾ ਤਾਂਡਵ ਕਰਦੇ ਸਨ ਤਾਂ ‘ਬਬੂਆ’ (ਇਥੇ ਉਨ੍ਹਾਂ ਦਾ ਇਸ਼ਾਰਾ ਸ਼ਾਇਦ ਸਪਾ ਮੁਖੀ ਅਖਿਲੇਸ਼ ਯਾਦਵ ਵੱਲ ਸੀ) ਸੁੱਤਾ ਰਹਿੰਦਾ ਸੀ ਤੇ ਘਰੋਂ ਬਾਹਰ ਨਹੀਂ ਨਿਕਲਦਾ ਸੀ।

ਉਨ੍ਹਾਂ ਕਿਹਾ ਕਿ ‘ਬਬੂਆ’ 12 ਵਜੇ ਸੌਂ ਕੇ ਉੱਠਦਾ ਸੀ। ਜਨਤਾ ਪਿਸਦੀ ਸੀ। ਆਦਿਤਿਅਨਾਥ ਨੇ ਮਿਲਕੀਪੁਰ ’ਚ ਇਕ ਰੈਲੀ ’ਚ ਕਿਹਾ ਕਿ ਹਰ ਜ਼ਿਲੇ ਦਾ ਵੱਡਾ ਮਾਫੀਆ ਅਤੇ ਗੁੰਡਾ ਸਪਾ ਨਾਲ ਜੁੜਿਆ ਸੀ, ਉਸ ਦਾ ਅਹੁਦੇਦਾਰ ਜਾਂ ਸ਼ਾਗਿਰਦ ਸੀ।

ਉਨ੍ਹਾਂ ਕਿਹਾ ਕਿ ਮੁਸਲਮਾਨ ਤੁਸ਼ਟੀਕਰਨ ਦੀ ਹੱਦ ਪਾਰ ਕਰਦੇ ਹੋਏ ਤਿਉਹਾਰਾਂ ’ਚ ਇਨ੍ਹਾਂ ਲੋਕਾਂ ਨੇ ਅਰਾਜਕਤਾ ਫੈਲਾਈ ਸੀ ਅਤੇ ਹੋਲੀ, ਦਿਵਾਲੀ, ਰੱਖੜੀ, ਸ਼ਿਵਰਾਤਰੀ, ਰਾਮ ਨੌਮੀ-ਜਨਮ ਅਸ਼ਟਮੀ ’ਤੇ ਰੋਕ ਲਾ ਦਿੱਤੀ ਸੀ।

ਇਕ ਬਿਆਨ ਮੁਤਾਬਕ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਥਾਣਿਆਂ, ਪੁਲਸ ਲਾਈਨ ਅਤੇ ਜੇਲਾਂ ’ਚ ਜਨਮ ਅਸ਼ਟਮੀ ਦੇ ਆਯੋਜਨਾਂ ’ਤੇ ਰੋਕ ਲਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹਰੇ ਰਾਮਾ, ਹਰੇ ਕ੍ਰਿਸ਼ਨਾ ਦੀ ਧੁਨ ਕੁਝ ਲੋਕਾਂ ਨੂੰ ਪਸੰਦ ਨਹੀਂ ਸੀ, ਇਸ ਲਈ ਸਪਾ ਇਸ ’ਤੇ ਰੋਕ ਲਾ ਦਿੰਦੀ ਸੀ, ਕਾਂਵੜ ਯਾਤਰਾ ’ਤੇ ਰੋਕ ਲਾ ਦਿੰਦੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਦੀਵਿਆਂ ਦੇ ਤਿਉਹਾਰ ਦਿਵਾਲੀ ’ਤੇ ਅਯੁੱਧਿਆ ਦੇ ਮੰਦਰਾਂ ’ਤੇ ਜਦੋਂ ਦੀਵੇ ਜਗਦੇ ਹਨ ਤਾਂ ਸਿਰਫ ਸਪਾ ਮੁਖੀ ਅਤੇ ਪਾਕਿਸਤਾਨ ਨੂੰ ਪ੍ਰੇਸ਼ਾਨੀ ਹੁੰਦੀ ਹੈ ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਅਯੁੱਧਿਆ ’ਚ ਜਗਣ ਵਾਲਾ ਇਕ-ਇਕ ਦੀਵਾ ਅਯੁੱਧਿਆ, ਸੂਬੇ ਅਤੇ ਦੇਸ਼ ਨੂੰ ਰੌਸ਼ਨ ਕਰੇਗਾ ਅਤੇ ਮਨੁੱਖਤਾ ’ਤੇ ‘ਕੈਂਸਰ’ ਬਣ ਚੁੱਕੇ ਪਾਕਿਸਤਾਨ ਨੂੰ ਵੀ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ।


Rakesh

Content Editor

Related News