ਕਮਲਨਾਥ ਦੇ ਵਿਗੜੇ ਬੋਲ, ਭਾਜਪਾ ਦੀ ਉਮੀਦਵਾਰ ਬੀਬੀ ਨੂੰ ਕਿਹਾ 'ਆਈਟਮ'

Monday, Oct 19, 2020 - 12:13 PM (IST)

ਕਮਲਨਾਥ ਦੇ ਵਿਗੜੇ ਬੋਲ, ਭਾਜਪਾ ਦੀ ਉਮੀਦਵਾਰ ਬੀਬੀ ਨੂੰ ਕਿਹਾ 'ਆਈਟਮ'

ਨਵੀਂ ਦਿੱਲੀ/ਮੱਧ ਪ੍ਰਦੇਸ਼- ਮੱਧ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ’ਚ ਇਕ ਜਨ ਸਭਾ ਦੌਰਾਨ ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਭਾਜਪਾ ਦੀ ਉਮੀਦਵਾਰ ਬੀਬੀ ਲਈ ਗ਼ਲਤ ਸ਼ਬਦਾਂ ਦੀ ਵਰਤੋਂ ਕਰ ਦਿੱਤੀ। ਕਮਲਨਾਥ ਨੇ ਭਾਜਪਾ ਦੀ ਉਮੀਦਵਾਰ ਬੀਬੀ ਇਮਰਤੀ ਦੇਵੀ ਨੂੰ ਮੰਚ ਤੋਂ ਹੀ 'ਆਈਟਮ' ਕਹਿ ਦਿੱਤਾ। ਮੱਧ ਪ੍ਰਦੇਸ਼ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਇਹੀ ਕਾਰਨ ਹੈ ਕਿ ਸਾਰੇ ਆਗੂ ਪ੍ਰਚਾਰ 'ਚ ਪੂਰੀ ਤਾਕਤ ਲਗਾ ਰਹੇ ਹਨ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਕਮਲਨਾਥ ਕਾਂਗਰਸ ਉਮੀਦਵਾਰ ਦੇ ਪ੍ਰਚਾਰ ਲਈ ਡਬਰਾ ਵਿਧਾਨ ਸਭਾ 'ਚ ਪਹੁੰਚੇ। ਇਸ ਦੌਰਾਨ ਕਮਲਨਾਥ ਨੇ ਮੰਚ 'ਤੇ ਸੰਬੋਧਨ ਦੌਰਾਨ ਕਿਹਾ ਕਿ ਸੁਰੇਸ਼ ਜੀ ਸਾਡੇ ਉਮੀਦਵਾਰ ਹਨ, ਇਹ ਤਾਂ ਕੰਮ ਕਰਨਗੇ ਹੀ, ਇਹ ਉਨ੍ਹਾਂ ਵਰਗੇ ਨਹੀਂ ਹਨ। ਕੀ ਨਾਂ ਹੈ ਉਨ੍ਹਾਂ ਦਾ?'' ਮੰਚ ਦੇ ਹੇਠਾਂ ਭੀੜ ਜ਼ੋਰ ਨਾਲ ਇਮਰਤੀ ਦੇਵੀ ਦਾ ਨਾਂ ਲੈਂਦੀ ਹੈ। ਇਸ ਤੋਂ ਬਾਅਦ ਕਮਲਨਾਥ ਹੱਸਦੇ ਹੋਏ ਕਹਿੰਦੇ ਹਨ ਕਿ ਮੈਂ ਕਿਉਂ ਉਸ ਦਾ ਨਾਂ ਲਵਾਂ। ਤੁਸੀਂ ਤਾਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ। ਤੁਹਾਨੂੰ ਮੈਨੂੰ ਪਹਿਲਾਂ ਹੀ ਦੱਸਣਾ ਚਾਹੀਦਾ ਸੀ ਕਿ ਇਹ ਕੀ 'ਆਈਟਮ' ਹੈ। ਇਹ ਕੀ 'ਆਈਟਮ' ਹੈ?'' ਜਦੋਂ ਕਮਲਨਾਥ ਇਹ ਬੋਲ ਰਹੇ ਸਨ, ਉਦੋਂ ਮੰਚ 'ਤੇ ਖੜ੍ਹੇ ਲੋਕ ਅਤੇ ਕਮਲਨਾਥ ਖ਼ੁਦ ਵੀ ਹੱਸ ਰਹੇ ਸਨ।

ਭਾਜਪਾ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
 ਕਮਲਨਾਥ ਦੇ ਇਸ ਵਿਗੜੇ ਬੋਲ ਵਿਰੁੱਧ ਭਾਜਪਾ ਵੀ ਸਰਗਰਮ ਹੋ ਗਈ ਹੈ। ਭਾਜਪਾ ਦੀ ਮੱਧ ਪ੍ਰਦੇਸ਼ ਇਕਾਈ ਨੇ ਚੋਣ ਕਮਿਸ਼ਨ ਦੇ ਸਾਹਮਣੇ ਕਮਲਨਾਥ ਦੀ ਟਿਪੱਣੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਭਾਜਪਾ ਨੇ ਕਿਹਾ,''ਜਿੱਥੇ ਇਕ ਪਾਸੇ ਪੂਰਾ ਦੇਸ਼ ਅਤੇ ਪੂਰਾ ਮੱਧ ਪ੍ਰਦੇਸ਼ ਮਾਂ ਦੀ ਪੂਜਾ 'ਚ ਡੁੱਬਿਆ ਹੋਇਆ ਹੈ। ਉੱਥੇ ਹੀ ਕਮਲਨਾਥ ਨੇ ਇਮਰਤੀ ਦੇਵੀ ਨੂੰ 'ਆਈਟਮ' ਬੋਲ ਕੇ ਨਾਰੀ ਜਾਤੀ ਨੂੰ ਆਈਟਮ ਕਹਿ ਕੇ ਪੂਰੀ ਨਾਰੀ ਜਾਤੀ ਦਾ ਅਪਮਾਨ ਕੀਤਾ ਹੈ। ਅਸੀਂ ਚੋਣ ਕਮਿਸ਼ਨ ਨੂੰ ਉਨ੍ਹਾਂ ਦੀਆਂ ਪੂਰੀਆਂ ਸਿਆਸੀ ਗਤੀਵਿਧੀਆਂ 'ਤੇ ਬੈਨ ਲਗਾਉਣ ਦੀ ਮੰਗ ਕਰਦੇ ਹੋਏ ਸ਼ਿਕਾਇਤ ਕੀਤੀ ਹੈ।'' ਇਸ ਦੇ ਨਾਲ ਹੀ ਭਾਜਪਾ ਨੇ ਬੀਬੀਆਂ ਦੇ ਕਮਿਸ਼ਨ 'ਚ ਵੀ ਸ਼ਿਕਾਇਤ ਦੀ ਗੱਲ ਕਹੀ ਹੈ। ਭਾਜਪਾ ਨੇ ਇਸ ਨੂੰ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਅਪਮਾਨ ਦਾ ਮਾਮਲਾ ਵੀ ਦੱਸਿਆ ਹੈ।

ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਈ ਸੀ ਇਮਰਤੀ ਦੇਵੀ
ਡਬਰਾ ਵਿਧਾਨ ਸਭਾ ਤੋਂ ਬਾਅਦ ਪਿਛਲੀ ਵਾਰ ਇਮਰਤੀ ਦੇਵੀ ਚੋਣਾਂ ਜਿੱਤੀ ਸੀ ਪਰ ਸਿੰਧੀਆ ਨਾਲ ਉਹ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਈ ਸੀ। ਇਮਰਤੀ ਦੇਵੀ ਨੂੰ ਸਿੰਧੀਆ ਦਾ ਕਰੀਬੀ ਮੰਨਿਆ ਜਾਂਦਾ ਹੈ। ਜਦੋਂ ਜੋਤੀਰਾਦਿੱਤਿਆ ਸਿੰਧੀਆ ਨੇ ਕਾਂਗਰਸ ਛੱਡੀ ਸੀ ਤਾਂ ਇਮਰਤੀ ਦੇਵੀ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਉਹ ਕਹਿੰਦੀ ਨਜ਼ਰ ਆਈ ਸੀ ਕਿ 'ਮਹਾਰਾਜ ਖੂਹ 'ਚ ਡਿੱਗਣ ਨੂੰ ਕਹਿਣਗੇ ਤਾਂ ਡਿੱਗ ਜਾਵਾਂਗੀ ਪਰ ਜਿੱਥੇ ਮਹਾਰਾਜ ਰਹਿਣਗੇ, ਉੱਥੇ ਨਾਲ ਰਹਾਂਗੀ।''


author

DIsha

Content Editor

Related News