ਮੱਧ ਪ੍ਰਦੇਸ਼ ਚੋਣਾਂ: ਰਣਨੀਤੀ ਅਤੇ ਤਿਆਰੀਆਂ ''ਤੇ ਚਰਚਾ ਲਈ ਭਾਜਪਾ ਦੀ ਬੈਠਕ, ਸ਼ਾਹ-ਸ਼ਿਵਰਾਜ ਰਹੇ ਮੌਜੂਦ
Tuesday, Sep 12, 2023 - 10:29 AM (IST)
ਨਵੀਂ ਦਿੱਲੀ- ਭਾਜਪਾ ਦੇ ਪ੍ਰਧਾਨ ਜੇ. ਪੀ. ਨੱਢਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਦੇ ਹੋਰ ਨੇਤਾਵਾਂ ਨੇ ਮੱਧ ਪ੍ਰਦੇਸ਼ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਅਤੇ ਤਿਆਰੀਆਂ 'ਤੇ ਚਰਚਾ ਲਈ ਸੋਮਵਾਰ ਨੂੰ ਬੈਠਕ ਕੀਤੀ। ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਇਹ ਬੈਠਕ ਇੱਥੇ ਨੱਢਾ ਦੀ ਰਿਹਾਇਸ਼ 'ਤੇ ਹੋਈ। ਇਹ ਬੈਠਕ ਪਾਰਟੀ ਵਲੋਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 39 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੇ ਜਾਣ ਦੇ ਕੁਝ ਦਿਨ ਬਾਅਦ ਹੋਈ।
ਸੂਤਰਾਂ ਨੇ ਦੱਸਿਆ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਅਤੇ ਰਣਨੀਤੀ ਤੋਂ ਇਲਾਵਾ ਹੋਰ ਸੰਭਾਵਿਤ ਉਮੀਦਵਾਰਾਂ ਦੇ ਨਾਵਾਂ 'ਤੇ ਵੀ ਚਰਚਾ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸੰਭਾਵਿਤ ਉਮੀਦਵਾਰਾਂ ਦੀ ਸੂਚੀ 'ਤੇ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿਚ ਚਰਚਾ ਕੀਤੀ ਜਾਵੇਗੀ। ਕਮੇਟੀ ਦੀ ਬੈਠਕ ਵੀ ਜਲਦ ਹੋਣ ਦੀ ਉਮੀਦ ਹੈ।
ਬੈਠਕ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪ੍ਰਦੇਸ਼ ਇਕਾਈ ਦੇ ਪ੍ਰਧਾਨ ਵੀ. ਡੀ. ਸ਼ਰਮਾ, ਪ੍ਰਦੇਸ਼ ਸੰਗਠਨ ਜਨਰਲ ਸਕੱਤਰ ਹਿਤਾਨੰਦ ਸ਼ਰਮਾ ਅਤੇ ਮੱਧ ਪ੍ਰਦੇਸ਼ ਚੋਣ ਮੁਖੀ ਅਤੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਅਤੇ ਅਸ਼ਵਨੀ ਵੈਸ਼ਣਵ ਵੀ ਹਾਜ਼ਰ ਰਹੇ। ਬੈਠਕ ਵਿਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੀ. ਐੱਲ. ਸੰਤੋਸ਼, ਪਾਰਟੀ ਦੀ ਮੱਧ ਪ੍ਰਦੇਸ਼ ਚੋਣ ਪ੍ਰਬੰਧਨ ਕਮੇਟੀ ਦੇ ਕਨਵੀਨਰ ਨਰਿੰਦਰ ਸਿੰਘ ਤੋਮਰ ਅਤੇ ਕੈਲਾਸ਼ ਵਿਜੇਵਰਗਯੀ ਵਿਚ ਸ਼ਾਮਲ ਹੋਏ।