ਲਖਨਊਂ : 2 ਹੋਟਲਾਂ ''ਚ ਲੱਗੀ ਭਿਆਨਕ ਅੱਗ, 5 ਲੋਕਾਂ ਦੀ ਮੌਤ
Tuesday, Jun 19, 2018 - 08:40 PM (IST)

ਲਖਨਊਂ— ਇਥੋਂ ਦੇ ਚਾਰਬਾਗ ਇਲਾਕੇ 'ਚ ਰੇਲਵੇ ਸਟੇਸ਼ਨ ਨੇੜੇ ਅੱਜ ਮੰਗਲਵਾਰ ਨੂੰ 2 ਹੋਟਲਾਂ 'ਚ ਅੱਗ ਲੱਗ ਗਈ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਲੋਕ ਜ਼ਖਮੀ ਹੋ ਗਏ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ 'ਤੇ ਦੁੱਖ ਜ਼ਾਹਰ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ (ਕਾਨੂੰਨ ਅਤੇ ਵਿਵਸਥਾ) ਪ੍ਰਵੀਨ ਕੁਮਾਰ ਨੇ ਇਥੇ ਦੱਸਿਆ ਕਿ ਨਾਕਾ ਥਾਣਾ ਖੇਤਰ ਦੇ ਚਾਰਬਾਗ-ਦੁੱਧਮੰਡੀ ਮਾਰਗ 'ਤੇ ਸਥਿਤ ਐੱਸ. ਐੱਸ. ਜੇ. ਇੰਟਰਨੈਸ਼ਨਲ 'ਚ ਸਵੇਰੇ ਸ਼ੱਕੀ ਰੂਪ ਨਾਲ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਅਤੇ ਅੱਗ ਤੁਰੰਤ ਹੀ ਨੇੜਲੇ ਹੋਟਲ ਵਿਰਾਟ 'ਚ ਵੀ ਅੱਗ ਲੱਗ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਹੋਟਲ 'ਚ ਫਸੇ ਕਰੀਬ 55 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਪ੍ਰਵੀਨ ਨੇ ਦੱਸਿਆ ਕਿ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਦੋਵਾਂ ਹੋਟਲਾਂ 'ਚ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ ਪਰ ਇਸ ਦੌਰਾਨ ਕੁੱਲ 5 ਲੋਕਾਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ। ਜਿਨ੍ਹਾਂ 'ਚ ਪ੍ਰਿਆਂਸ਼ ਸ਼ਰਮਾ (40) ਅਤੇ ਮੇਹਰ (ਡੇਢ ਸਾਲ) ਦੀ ਸ਼ਨਾਖਤ ਹੋ ਚੁਕੀ ਹੈ ਪਰ ਬਾਕੀ ਤਿੰਨ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਹਾਦਸੇ 'ਚ ਚਾਰ ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ।