ਲਖਨਊ ਦੀ ਕੋਰਟ 'ਚ ਬੰਬ ਧਮਾਕਾ, ਕਈ ਵਕੀਲ ਜ਼ਖਮੀ

02/13/2020 1:06:16 PM

ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਕੋਰਟ 'ਚ ਵੀਰਵਾਰ ਭਾਵ ਅੱਜ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਵਜ਼ੀਰਗੰਜ ਕੋਰਟ ਵਿਚ ਕੁਝ ਵਕੀਲਾਂ 'ਤੇ ਬੰਬ ਨਾਲ ਹਮਲਾ ਕੀਤਾ ਗਿਆ। ਧਮਾਕਾ ਹੋਣ ਨਾਲ ਕੋਰਟ 'ਚ ਭੱਜ-ਦੌੜ ਦਾ ਮਾਹੌਲ ਬਣ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਕੋਰਟ 'ਚ ਕੁਝ ਲੋਕਾਂ ਨੇ ਵਕੀਲ ਸੰਜੀਵ ਲੋਧੀ 'ਤੇ ਬੰਬਾਂ ਨਾਲ ਹਮਲਾ ਕੀਤਾ। ਉਨ੍ਹਾਂ 'ਚੋਂ ਇਕ ਬੰਬ ਫਟ ਗਿਆ, ਜਦਕਿ 2 'ਚ ਧਮਾਕਾ ਨਹੀਂ ਹੋਇਆ। ਮੌਕੇ 'ਤੇ ਪੁਲਸ ਦੇ ਸੀਨੀਅਰ ਅਧਿਕਾਰੀ ਪੁੱਜ ਗਏ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਬੰਬ ਧਮਾਕੇ 'ਚ ਕਈ ਵਕੀਲ ਮਾਮੂਲੀ ਤੌਰ 'ਤੇ ਜ਼ਖਮੀ ਵੀ ਹੋਏ ਹਨ। 

ਇਸ ਦਰਮਿਆਨ ਵਕੀਲ ਸੰਜੀਵ ਲੋਧੀ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਨਿਆਂਇਕ ਅਧਿਕਾਰੀਆਂ ਦੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ। ਇਸ ਨੂੰ ਲੈ ਕੇ ਲਖਨਊ ਬਾਰ ਐਸੋਸੀਏਸ਼ਨ ਦੇ ਮਹਾਮੰਤਰੀ ਜੀਤੂ ਯਾਦਵ, ਸੁਧੀਰ ਯਾਦਵ ਅਤੇ ਅਨੂੰ ਯਾਦਵ ਉਨ੍ਹਾਂ ਨੂੰ ਸ਼ਿਕਾਇਤ ਵਾਪਸ ਲੈਣ ਦੀ ਧਮਕੀ ਦੇ ਰਹੇ ਸਨ। ਲੋਧੀ ਦਾ ਦੋਸ਼ ਹੈ ਕਿ ਵੀਰਵਾਰ ਨੂੰ ਏਜਾਜ਼ ਅਤੇ ਆਜ਼ਮ ਅਤੇ ਕਰੀਬ 10 ਹੋਰ ਲੋਕ ਆਏ ਅਤੇ ਉਨ੍ਹਾਂ 'ਤੇ ਬੰਬ ਨਾਲ ਹਮਲਾ ਕਰ ਦਿੱਤਾ। ਉਨ੍ਹਾਂ 'ਚੋਂ ਇਕ ਬੰਬ ਫਟਿਆ ਅਤੇ ਬਾਕੀ ਦੋ ਨਹੀਂ ਫਟੇ। ਵਾਰਦਾਤ ਤੋਂ ਬਾਅਦ ਹਮਲਾਵਰ ਦੌੜ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ-ਨਾਲ ਸ਼ਿਆਮਸੁੰਦਰ ਅਤੇ ਪ੍ਰਮੋਦ ਲੋਧੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਲੋਧੀ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।


Tanu

Content Editor

Related News