ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ
Monday, Nov 25, 2024 - 11:45 AM (IST)
ਨਵੀਂ ਦਿੱਲੀ- ਲੋਕ ਸਭਾ ਦੇ ਸੰਸਦ ਮੈਂਬਰ ਰਹੇ ਵਸੰਤ ਰਾਓ ਚਵਾਨ ਅਤੇ ਨੂਰੁਲ ਇਸਲਾਮ ਅਤੇ ਕੁਝ ਹੋਰ ਮਰਹੂਮ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਬੈਠਕ ਸੋਮਵਾਰ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਚਵਾਨ ਅਤੇ ਇਸਲਾਮ ਦੇ ਨਾਲ ਹੀ ਤਿੰਨ ਹੋਰ ਸਾਬਕਾ ਸੰਸਦ ਮੈਂਬਰਾਂ MM ਲਾਰੈਂਸ, ਐਮ. ਪਾਰਵਤੀ ਅਤੇ ਹਰੀਸ਼ ਚੰਦਰ ਦੇਵਰਾਓ ਚਵਾਨ ਦੇ ਦਿਹਾਂਤ ਬਾਰੇ ਸਦਨ ਨੂੰ ਜਾਣਕਾਰੀ ਦਿੱਤੀ। ਇਨ੍ਹਾਂ ਸਾਰਿਆਂ ਦਾ ਹਾਲ ਹੀ ਵਿਚ ਦਿਹਾਂਤ ਹੋ ਗਿਆ ਹੈ।
ਦੱਸ ਦੇਈਏ ਕਿ ਵਸੰਤ ਚਵਾਨ ਮਹਾਰਾਸ਼ਟਰ ਦੇ ਨਾਂਦੇੜ ਤੋਂ 18ਵੀਂ ਲੋਕ ਸਭਾ ਲਈ ਚੁਣੇ ਗਏ ਸਨ ਅਤੇ ਇਸਲਾਮ ਤ੍ਰਿਣਮੂਲ ਕਾਂਗਰਸ ਦੀ ਟਿਕਟ 'ਤੇ ਪੱਛਮੀ ਬੰਗਾਲ ਦੇ ਬਸ਼ੀਰਹਾਟ ਤੋਂ ਲੋਕ ਸਭਾ ਪਹੁੰਚੇ ਸਨ। ਬਿਰਲਾ ਨੇ ਆਪਣੇ ਸਿਆਸੀ ਜੀਵਨ ਦਾ ਸੰਖੇਪ ਜ਼ਿਕਰ ਕੀਤਾ। ਇਸ ਉਪਰੰਤ ਲੋਕ ਸਭਾ ਮੈਂਬਰਾਂ ਨੇ ਕੁਝ ਪਲਾਂ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੂੰ ਅਡਾਨੀ ਸਮੂਹ ਨਾਲ ਜੁੜੇ ਮੁੱਦੇ ਅਤੇ ਉੱਤਰ ਪ੍ਰਦੇਸ਼ ਦੇ ਸੰਭਲ 'ਚ ਹਿੰਸਾ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕਰਦੇ ਸੁਣਿਆ ਗਿਆ। ਹਾਲਾਂਕਿ ਬਿਰਲਾ ਨੇ ਕਰੀਬ 11.05 ਵਜੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।