ਲੋਕ ਸਭਾ ਚੋਣਾਂ : ਚੋਣ ਪ੍ਰਚਾਰ ਲਈ ਸਿਆਸੀ ਪਾਰਟੀਆਂ ਨੂੰ ਸੋਸ਼ਲ ਮੀਡੀਆ ਦਾ 'ਸਹਾਰਾ'
Monday, Mar 18, 2024 - 02:01 PM (IST)

ਨਵੀਂ ਦਿੱਲੀ- ਦੇਸ਼ ’ਚ ਦੁਨੀਆ ਦੇ ਸਭ ਤੋਂ ਵੱਡੇ ਚੋਣ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ ਹੋਣ ਦੇ ਨਾਲ ਹੀ ਸਿਆਸੀ ਪਾਰਟੀਆਂ ਵੋਟਰਾਂ ਦੇ ਮਨੋਵਿਗਿਆਨ ’ਤੇ ਅਸਰ ਪਾਉਣ ਲਈ ਵਟਸਐਪ ਵਰਗੇ ‘ਮੈਸੇਜਿੰਗ’ ਮੰਚਾਂ ਅਤੇ ਸੋਸ਼ਲ ਮੀਡੀਆ ‘ਇਨਫਲੂਐਂਸਰਜ਼’ ਦਾ ਸਹਾਰਾ ਲੈ ਰਹੀਆਂ ਹਨ। ਸਿਆਸੀ ਵਿਸ਼ਲੇਸ਼ਕਾਂ ਨੇ ਇਹ ਜਾਣਕਾਰੀ ਦਿੱਤੀ। ਸਿਆਸੀ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਅਤੇ ਵੋਟਰਾਂ ਤੋਂ ਸਮਰਥਨ ਮੰਗਣ ਲਈ ਵੱਡੇ ਪੱਧਰ ’ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੀਆਂ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਵਟਸਐਪ ’ਤੇ ‘ਪ੍ਰਧਾਨ ਮੰਤਰੀ ਵੱਲੋਂ ਪੱਤਰ’ ਭੇਜ ਕੇ ਵੋਟਰਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਨਰਿੰਦਰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਵੋਟਰਾਂ ਤੋਂ ‘ਫੀਡਬੈਕ’ ਲੈ ਕੇ ਰਹੀ ਹੈ।
ਵਟਸਐਪ ਦੇ ਭਾਰਤ ’ਚ ਹਰ ਮਹੀਨੇ 50 ਕਰੋੜ ਤੋਂ ਵੱਧ ਐਕਟਿਵ ਯੂਜ਼ਰਜ਼ ਹਨ। ਭਾਜਪਾ ਨੇ ‘ਮਾਈ ਫਸਟ ਵੋਟ ਫਾਰ ਮੋਦੀ’ ਵੈੱਬਸਾਈਟ ਲਾਂਚ ਕੀਤੀ ਹੈ ਜਿਸ ’ਚ ਵੋਟਰ ਮੋਦੀ ਨੂੰ ਵੋਟ ਦੇਣ ਦਾ ਸੰਕਲਪ ਲੈ ਸਕਦੇ ਹਨ ਅਤੇ ਆਪਣੀ ਪਸੰਦ ਦਾ ਕਾਰਨ ਦੱਸਣ ਵਾਲੀ ਇਕ ਵੀਡੀਓ ਅਪਲੋਡ ਕਰ ਸਕਦੇ ਹਨ। ਵੈੱਬਸਾਈਟ ’ਤੇ ਰਾਸ਼ਟਰੀ ਜਨਤੰਤਰਿਕ ਗੱਠਜੋੜ (ਐੱਨ. ਡੀ. ਏ.) ਸਰਕਾਰ ’ਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਕਈ ਛੋਟੀਆਂ ਵੀਡੀਓਜ਼ ਵੀ ਹਨ।
ਉਥੇ ਹੀ ਕਾਂਗਰਸ ‘ਰਾਹੁਲ ਗਾਂਧੀ ਵਟਸਐਪ ਗਰੁੱਪ’ ਚਲਾਉਂਦੀ ਹੈ, ਜਿਸ ’ਚ ਰਾਹੁਲ ਲੋਕਾਂ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਵਟਸਐਪ ’ਤੇ ਸੂਚਨਾਵਾਂ ਦੇ ਪ੍ਰਸਾਰ ਦੀ ਨਿਗਰਾਨੀ ਜ਼ਿਲ੍ਹਾ ਪੱਧਰ ’ਤੇ ਕੀਤੀ ਜਾਂਦੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਜਨਤਾ ਤੱਕ ਪਹੁੰਚ ਸਕੇ ਅਤੇ ਪਾਰਟੀ ਦੇ ਵੋਟਰ ਆਧਾਰ ਨੂੰ ਮਜ਼ਬੂਤ ਕਰੇ। ਇੰਸਟਾਗ੍ਰਾਮ ਅਤੇ ਟਵਿੱਟਰ (ਹੁਣ ਐਕਸ) ਵਰਗੇ ਕਈ ਮੰਚ ਹਨ, ਜੋ ਲੋਕਾਂ ਦੇ ਇਕ ਖਾਸ ਵਰਗ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਅਤੇ ਉਨ੍ਹਾਂ ਦੇ ਵੱਖ-ਵੱਖ ਫਾਰਮੈਟ ਹਨ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੀਡੀਆ ਇਸ਼ਤਿਹਾਰਾਂ (ਪ੍ਰਿੰਟ ਅਤੇ ਇਲੈਕਟ੍ਰਾਨਿਕ, ‘ਬਲਕ’ ਐੱਸ. ਐੱਮ. ਐੱਸ., ਕੇਬਲ, ਵੈੱਬਸਾਈਟਾਂ, ਟੀ. ਵੀ. ਚੈਨਲ ਆਦਿ) ’ਤੇ 325 ਕਰੋੜ ਰੁਪਏ ਖਰਚ ਕੀਤੇ ਸਨ, ਜਦੋਂ ਕਿ ਕਾਂਗਰਸ ਨੇ 356 ਕਰੋੜ ਰੁਪਏ ਖਰਚ ਕੀਤੇ।